ਬਰਬਾਦ ਫਸਲ ਬਾਰੇ ਦੱਸਦੇ ਹੋਏ ਕੈਮਰੇ ਅੱਗੇ ਫੁੱਟ-ਫੁੱਟ ਰੋਇਆ ਕਿਸਾਨ, ਕੀਤੀ ਮੁਆਵਜ਼ੇ ਦੀ ਮੰਗ
ਸਰਕਾਰ ਵੱਲੋਂ ਸਾਨੂੰ 60 ਹਜ਼ਾਰ ਦੇ ਕਰੀਬ ਮੁਆਵਜ਼ਾ ਦੇਣਾ ਚਾਹੀਦਾ ਹੈ - ਕਿਸਾਨ
ਜਲਾਲਾਬਾਦ (ਅਰਵਿੰਦਰ ਤਨੇਜਾ) - ਬੀਤੀ ਰਾਤ ਤੋਂ ਹੀ ਪੰਜਾਬ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਦੇ ਨਾਲ ਗੜਿਆਂ ਦੀ ਵੀ ਬਰਸਾਤ ਹੋਈ ਤੇ ਇਹਨਾਂ ਗੜਿਾਂ ਨੇ ਕਿਸਾਨਾਂ ਦੀ ਫਸਲ ਨੂੰ ਬਰਬਾਦ ਕਰ ਕੇ ਰੱਖ ਦਿੱਤਾ। ਇਸੇ ਦੇ ਨਾਲ ਹੀ ਜਲਾਲਾਬਾਦ ਹਲਕੇ ਦੇ ਦਰਜਨਾਂ ਦੇ ਕਰੀਬ ਪਿੰਡਾਂ ਵਿਚ ਵੀ ਬੀਤੀ ਰਾਤ ਹੋਈ ਗੜੇਮਾਰੀ ਦੇ ਕਾਰਨ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ
ਜਿਸ ਨੂੰ ਦੇਖ ਕਿਸਾਨਾਂ ਦੇ ਚਿਹਰਿਆਂ 'ਤੇ ਜੋ ਥੋੜ੍ਹੀ ਮੋਟੀ ਰੌਣਕ ਸੀ ਉਹ ਵੀ ਉੱਡ ਗਈ ਕਿਉਂਕਿ ਇਕ ਤਾਂ ਕਿਸਾਨ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਪਹਿਲਾਂ ਹੀ ਦੁਖੀ ਹਨ ਤੇ ਦੂਜਾ ਗੜੇਮਾਰੀ ਕਾਰਨ ਬਰਬਾਦ ਹੋਈ ਫਸਲ ਤੋਂ ਹੋਰ ਵੀ ਦੁਖੀ ਹੋ ਗਏ ਹਨ। ਬੀਤੀ ਰਾਤ ਹੋਈ ਗੜੇਮਾਰੀ ਕਾਰਨ ਜਲਾਲਾਬਾਦ ਦੇ ਸਰਹੱਦੀ ਇਲਾਕੇ ਦੀ ਫਸਲ ਵੀ ਪੂਰੀ ਬਰਬਾਦ ਹੋ ਗਈ। ਗੱਲਬਾਤ ਕਰਦੇ ਹੋਏ ਇਕ ਕਿਸਾਨ ਨੇ ਕਿਹਾ ਕਿ ਉਹਨਾਂ ਦੀ ਪੂਰੀ ਫਸਲ ਹੀ ਨੁਕਸਾਨੀ ਗਈ ਹੈ ਤੇ ਕਿਤੇ ਵੀ 90 ਫੀਸਦੀ ਤੋਂ ਘੱਟ ਫਸਲ ਨਹੀਂ ਹੈ ਜੋ ਬਰਬਾਦ ਨਾ ਹੋਈ ਹੋਵੇ।
ਉਹਨਾਂ ਕਿਹਾ ਕਿ ਸਾਡੀ ਨੁਕਸਾਨੀ ਗਈ ਫਸਲ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਨੂੰ ਬਣਦਾ ਮੁਆਵਜ਼ਾ ਦੇਵੇ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਸਾਨੂੰ 60 ਹਜ਼ਾਰ ਦੇ ਕਰੀਬ ਮੁਆਵਜ਼ਾ ਦੇਣਾ ਚਾਹੀਦਾ ਹੈ ਕਿਉਂਕਿ ਸਾਡੀ ਫਸਲ ਦਾ ਇੰਨਾ ਮੁੱਲ ਤਾਂ ਪੈ ਹੀ ਜਾਂਦਾ ਹੈ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਇਹ ਸੋਚ ਰੱਖਿਆ ਸੀ ਕਿ ਇਸ ਫਸਲ ਨੂੰ ਵੇਚ ਕੇ ਜੋ ਪੈਸਾ ਮਿਲੇਗਾ ਉਸ ਨਾਲ ਅਪਣੇ ਬੱਚਿਆਂ ਦੇ ਵਿਆਹ ਕਰਾਂਗਾ, ਉਹਨਾਂ ਦੀਆਂ ਉਮੀਦਾਂ 'ਤੇ ਵੀ ਪਾਣੀ ਫਿਰ ਗਿਆ ਇਸ ਲਈ ਸਰਕਾਰ ਨੂੰ ਜਲਦ ਤੋਂ ਜਲਦ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਹੈ।