ਚੰਡੀਗੜ੍ਹ ਦੇ ਸਕੂਲਾਂ ਤੇ ਪੰਜਾਬ ਦੇ ਕਾਲਜਾਂ ਵਿਚ ਵੀ ਪੰਜਾਬੀ ਨਾਲ ਮਤਰੇਈ ਮਾਂ ਵਾਲਾ ਸਲੂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੱਡੀ ਗਿਣਤੀ ਵਿਚ ਅਧਿਆਪਕਾਂ ਦੀ ਘਾਟ

Lack of large number of teachers

 

ਚੰਡੀਗੜ੍ਹ (ਬਠਲਾਣਾ): ਸੀਬੀਐਸਈ ਦੁਆਰਾ ਪੰਜਾਬੀ ਭਾਸ਼ਾ ਨੂੰ ਮਾਈਨਰ ਭਾਸ਼ਾਵਾਂ ਵਿਚ ਪਾ ਕੇ ਅਣਗੌਲਿਆਂ ਕਰਨ ’ਤੇ ਪੰਜਾਬੀ ਲੇਖਕ ਸਭਾਵਾਂ ਨੇ ਇਸ ਫ਼ੈਸਲੇ ਤੇ ਚਿੰਤਾ ਪ੍ਰਗਟ ਕਰਦਿਆਂ ਬਿਆਨ ਜਾਰੀ ਕੀਤੇ ਹਨ। ਪੰਜਾਬ ਦੇ ਨਵੇਂ ਸਿਖਿਆ ਮੰਤਰੀ ਨੇ ਵੀ ਇਸ ਫ਼ੈਸਲੇ ’ਤੇ ਨਰਾਜ਼ਗੀ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੂੰ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਲਈ ਚਿੱਠੀ ਲਿਖੀ ਹੈ।

 

 

ਉਧਰ ਦੂਜੇ ਪਾਸੇ ਪੰਜਾਬੀਆਂ ਨੇ ਖ਼ੁਦ ਵੀ ਪੰਜਾਬੀ ਤੋਂ ਮੂੰਹ ਮੋੜ ਲਿਆ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਭਾਰੀ ਘਾਟ ਹੈ। ਪਿੱਛੇ ਜਿਹੇ ਇਕ ਆਰ ਟੀ ਆਈ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਦੀਆਂ ਕੁਲ 28 ਅਸਾਮੀਆਂ ਵਿਚੋਂ 14 ਤੇ ਰੈਗੂਲਰ ਲੈਕਚਰਾਰ ਹਨ। ਇਕ ਅਸਾਮੀ ਤੇ ਠੇਕੇ ਵਾਲਾ ਅਧਿਆਪਕ ਕੰਮ ਕਰਦਾ ਹੈ। ਬਾਕੀ 13 ਅਸਾਮੀਆਂ ਖ਼ਾਲੀ ਹਨ।

ਇਸੇ ਤਰ੍ਹਾਂ ਮਾਸਟਰ ਕੇਡਰ ਵਿਚ ਕੁਲ 237 ਵਿਚੋਂ 158 ਤੇ ਰੈਗੂਲਰ, 6 ਠੇਕੇ ਤੇ 19 ਗੈਸਟ ਅਧਿਆਪਕ ਹਨ ਅਤੇ 54 ਅਸਾਮੀਆਂ ਖ਼ਾਲੀ ਹਨ। ੳਹ ਵੀ ਉਸ ਸਮੇਂ ਜਦੋਂ ਚੰਡੀਗੜ੍ਹ ਦਾ ਸਿਖਿਆ ਵਿਭਾਗ ਪੰਜਾਬ ਕੇਡਰ ਦੇ ਪੀ ਸੀ ਐਸ ਅਧਿਕਾਰੀ ਕੋਲ ਹੈ। ਸਿਖਿਆ ਸਕੱਤਰ ਵੀ ਪੰਜਾਬ ਕੇਡਰ ਦਾ ਆਈ ਏ ਐਸ ਅਧਿਕਾਰੀ ਹੁੰਦਾ ਹੈ। ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਵੀ ਸਥਿਤੀ ਬਿਲਕੁਲ ਚੰਗੀ ਨਹੀਂ। 

 

 

ਸਰਕਾਰੀ ਕਾਲਜ ਬਚਾਉ ਮੰਚ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਗਿਣਤੀ 47 ਹੈ, ਜਿਥੇ ਕੇਵਲ 18 ਅਧਿਆਪਕ ਹੀ ਰੈਗੂਲਰ ਹਨ। ਬਾਕੀ ਕਾਲਜਾਂ ਵਿਚ ਕੰਮ ਚਲਾਊ ਪ੍ਰਬੰਧ ਹਨ। ਇਸ ਮਾਮਲੇ ਬਾਰੇ ਜਦੋਂ ਸਰਕਾਰੀ ਕਾਲਜ ਅਧਿਆਪਕ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਬੀ ਐਸ ਟੌਹੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਪਿਛਲੇ ਸਾਲਾਂ ਵਿਚ ਪੰਜਾਬ ਦੀ ਉੱਚ ਸਿਖਿਆ ਅਣਗੌਲੀ ਰਹੀ ਹੈ ਪਰੰਤੂ ਹੁਣ ਨਵੇਂ ਸਿਖਿਆ ਮੰਤਰੀ ਦੇ ਆਉਣ ਨਾਲ ਸਥਿਤੀ ਵਿੱਚ ਸੁਧਾਰ ਦੀ ਉਮੀਦ ਬਣੀ ਹੈ। ਪ੍ਰੋ. ਟੌਹੜਾ ਨੇ ਵੀ ਪੰਜਾਬੀ ਨਾਲ ਮਤਰੇਈ ਮਾਂ ਵਾਲੇ ਸਲੂਕ ਦੀ ਗੱਲ ਦੀ ਤਾਇਦ ਕੀਤੀ ਹੈ। ਪ੍ਰੋ. ਟੌਹੜਾ ਨੇ ਦਸਿਆ ਕਿ ਨਵੀਂ ਭਰਤੀ ਵਿਚ ਪੰਜਾਬੀ ਦੀਆਂ 142 ਅਸਾਮੀਆਂ ਹਨ ਜੇਕਰ ਇਹ ਭਰਤੀ ਸਿਰੇ ਚੜ੍ਹਦੀ ਹੈ ਤਾਂ ਸਥਿਤੀ ਵਿਚ ਸੁਧਾਰ ਆ ਸਕਦਾ ਹੈ।