ਬਰਨਾਲਾ: ਕਾਂਸਟੇਬਲ ਦੇ ਕਾਤਲਾਂ ਦਾ ਐਨਕਾਊਂਟਰ, ਗੋਲੀ ਲੱਗਣ ਨਾਲ ਇੱਕ ਜ਼ਖ਼ਮੀ, ਚਾਰ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਹਨ
ਬਰਨਾਲਾ - ਬਰਨਾਲਾ ਵਿਚ ਹੌਲਦਾਰ ਦਰਸ਼ਨ ਸਿੰਘ ਦਾ ਕਤਲ ਕਰਨ ਵਾਲੇ 4 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਪੁਲਿਸ ਦਾ ਉਹਨਾਂ ਨਾਲ ਮੁਕਾਬਲਾ ਵੀ ਹੋਇਆ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿਚ ਇੱਕ ਕਾਤਲ ਨੂੰ ਗੋਲੀ ਵੀ ਲੱਗੀ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬਰਨਾਲਾ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ ਇੱਕ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਬਾਰੇ ਪੂਰੀ ਜਾਣਕਾਰੀ ਜਲਦੀ ਹੀ ਦਿੱਤੀ ਜਾਵੇਗੀ। ਬਰਨਾਲਾ ਦੇ ਥਾਣਾ ਸਿਟੀ ਇੱਕ ਵਿਚ ਤਾਇਨਾਤ ਹੌਲਦਾਰ ਦਰਸ਼ਨ ਸਿੰਘ ਐਤਵਾਰ ਨੂੰ 25 ਏਕੜ ਰਕਬੇ ਵਿਚ ਗਿਆ ਸੀ ਉਹਨਾਂ ਨੂੰ ਇਕ ਚਿਕਨ ਕਾਰਨਰ 'ਤੇ ਲੜਾਈ ਹੋਣ ਦੀ ਖ਼ਬਰ ਮਿਲੀ ਸੀ। ਜਦੋਂ ਉਹ ਵਾਰਦਾਤ ਵਾਲੀ ਥਾਂ 'ਤੇ ਪਹੁੰਚਿਆ ਤਾਂ ਉਥੇ ਬੈਠੇ ਕਬੱਡੀ ਖਿਡਾਰੀਆਂ ਦੀ ਉਸ ਨਾਲ ਲੜਾਈ ਹੋ ਗਈ।
ਜਿਸ ਤੋਂ ਬਾਅਦ ਮੁਲਜ਼ਮਾਂ ਨੇ ਦਰਸ਼ਨ ਸਿੰਘ ਦੀ ਕੁੱਟਮਾਰ ਕੀਤੀ ਜਿਸ ਦੌਰਾਨ ਉਹ ਗੰਭੀਰ ਜਖ਼ਮੀ ਹੋ ਗਿਆ ਸੀ ਤੇ ਉਸ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੌਲਦਾਰ ਦਰਸ਼ਨ ਸਿੰਘ ਦੇ ਕਤਲ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਲਈ 2 ਕਰੋੜ ਰੁਪਏ ਦੀ ਰਾਹਤ ਰਾਸ਼ੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣਗੇ ਜਦਕਿ 1 ਕਰੋੜ ਰੁਪਏ ਬੈਂਕ ਵੱਲੋਂ ਬੀਮੇ ਵਜੋਂ ਪ੍ਰਾਪਤ ਕੀਤੇ ਜਾਣਗੇ।