ਮਾਮਲਾ ਬਰਾਤ ਦੇ ਖਾਣੇ ਵਿਚ ਕੀੜਾ ਮਿਲਣ ਦਾ: ਨਿੱਜੀ ਹੋਟਲ ਨੂੰ ਕਲੀਨ ਚਿੱਟ

ਏਜੰਸੀ

ਖ਼ਬਰਾਂ, ਪੰਜਾਬ

ਪੂਰੀ ਬਰਾਤ 'ਤੇ ਮਾਮਲਾ ਦਰਜ

File Photo

ਅੰਮ੍ਰਿਤਸਰ - ਬੀਤੇ ਦਿਨੀਂ ਅੰਮ੍ਰਿਤਸਰ ਦੇ ਇਤਿਹਾਸਕ ਨਗਰ ਛੇਹਰਟਾ ਦੇ ਇੱਕ ਨਿੱਜੀ ਪੈਲਸ ਦੇ ਵਿਚ ਬਰਾਤ ਪਹੁੰਚੀ ਸੀ। ਜਦ ਬਰਾਤੀਆਂ ਨੂੰ ਖਾਣਾ ਪਰੋਸਿਆ ਗਿਆ ਤਾਂ ਬਰਾਤੀਆਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਖਾਣੇ ਵਿਚੋਂ ਕੀੜੇ ਨਿਕਲੇ ਹਨ ਜਿਸ ਨੂੰ ਲੈ ਕੇ ਉਨਾਂ ਨੇ ਰੱਜ ਕੇ ਹੰਗਾਮਾ ਕੀਤਾ। ਇਥੋਂ ਤੱਕ ਕਿ ਉਹਨਾਂ ਵੱਲੋਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ। ਹੁਣ ਪੁਲਿਸ ਜਾਂਚ ਦੇ ਵਿਚ ਸਾਹਮਣੇ ਆਇਆ ਹੈ ਕਿ ਜਿਹੜਾ ਕੀੜਾ ਖਾਣੇ ਦੇ ਵਿਚੋਂ ਨਿਕਲਿਆ ਸੀ ਉਹ ਲੋਕਾਂ ਵੱਲੋਂ ਜਾਣ ਬੁੱਝ ਕੇ ਰੱਖਿਆ ਗਿਆ ਸੀ। 

ਜਾਂਚ ਵਿਚ ਕਿਹਾ ਗਿਆ ਕਿ ਜੇਕਰ ਸਬਜ਼ੀ ਦੇ ਵਿਚ ਕੀੜਾ ਹੁੰਦਾ ਤਾਂ ਉਹ ਸਬਜ਼ੀ ਨੂੰ ਪਕਾਉਂਦੇ ਸਮੇਂ ਹੀ ਉਸ ਵਿਚ ਘੁਲ ਜਾਂਦਾ। ਪਰ ਕੀੜਾ ਤਰੀ ਦੇ ਉੱਪਰ ਤੈਰ ਰਿਹਾ ਸੀ। ਹੁਣ ਛੇਹਰਟਾ ਪੁਲਿਸ ਨੇ ਇਸ ਮਾਮਲੇ ਦੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਬਰਾਤ ਅਤੇ ਲੜਕੀ ਪਰਿਵਾਰ ਦੇ ਵਿਚ ਸ਼ਾਮਲ ਲੋਕਾਂ 'ਤੇ ਨੈਸ਼ਨਲ ਹਾਈਵੇ ਜਾਮ ਕਰਨ ਅਤੇ ਬੇਵਜ੍ਹਾ ਹੰਗਾਮਾ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਸ ਮਾਮਲੇ ਦੇ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿਚ ਮੁੱਖ ਆਰੋਪੀ ਸਾਬਕਾ ਫੌਜੀ ਕੁਲਦੀਪ ਸਿੰਘ ਵਾਸੀ ਰਾਮ ਤੀਰਥ ਰੋਡ ਦੇ ਪੈਲਸ ਵਿਚ ਹਥਿਆਰ ਲੈ ਕੇ ਜਾਣ ਅਤੇ ਲੋਕਾਂ ਨੂੰ ਭੜਕਾ ਕੇ ਨੈਸ਼ਨਲ ਹਾਈਵੇ ਜਾਮ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਛੇਹਰਟਾ ਦੀ ਪੁਲਿਸ ਵੱਲੋਂ ਗੁਰਲਾਲ ਸਿੰਘ, ਕੁਲਦੀਪ ਸਿੰਘ,ਦਲਬੀਰ ਸਿੰਘ,ਕਾਰਜ ਸਿੰਘ ਅਤੇ ਮਲਕੀਤ ਸਿੰਘ ਦੇ ਸਮੇਤ ਅਗਿਆਤ ਨੌਜਵਾਨਾਂ ਅਤੇ ਔਰਤਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।