350ਵਾਂ ਸ਼ਹੀਦੀ ਦਿਵਸ: ਪੰਜਾਬ ਦੇ ਮੰਤਰੀਆਂ ਵੱਲੋਂ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਪੱਤਰ ਦੇਣੇ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਦੀਆਂ ਹਦਾਇਤਾਂ ਤੋਂ ਬਾਅਦ ਨਿੱਜੀ ਪੱਧਰ ‘ਤੇ ਦੇਸ਼ ਭਰ ਵਿੱਚ ਜਾ ਰਹੇ ਹਨ ਪੰਜਾਬ ਦੇ ਕੈਬਨਿਟ ਮੰਤਰੀ

350th Martyrdom Day: Punjab ministers continue to issue invitations to Chief Ministers of all states of the country

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350 ਸਾਲਾ ਸਮਾਗਮਾਂ ਨੂੰ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਸਾਰੇ ਦੇਸ਼ ਦੇ ਮੁੱਖ ਮੰਤਰੀਆਂ ਨੂੰ ਸੱਦਾ ਪੱਤਰ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੇ ਸਾਰੇ ਕੈਬਨਿਟ ਮੰਤਰੀਆਂ ਦੀ ਡਿਊਟੀ ਲਗਾਈ ਹੈ। ਬਹੁਤ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਤਾਂ ਸੱਦਾ ਪੱਤਰ ਦੇ ਵੀ ਦਿੱਤੇ ਗਏ ਹਨ ਅਤੇ ਬਾਕੀਆਂ ਨੂੰ ਵੀ ਜਲਦ ਸੱਦਾ ਪੱਤਰ ਦੇ ਦਿੱਤੇ ਜਾਣਗੇ।

ਇਸ ਬਾਬਤ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਹਰਪਾਲ ਸਿੰਘ ਚੀਮਾ ਅਤੇ ਲਾਲ ਚੰਦ ਕਟਾਰੂਚੱਕ ਦੀ ਡਿਊਟੀ ਉੜੀਸਾ, ਪੱਛਮੀ ਬੰਗਾਲ ਅਤੇ ਅਸਾਮ ਦੇ ਮੁੱਖ ਮੰਤਰੀਆਂ ਨੂੰ ਸੱਦਾ ਪੱਤਰ ਦੇਣ ਉੱਤੇ ਲਗਾਈ ਗਈ ਹੈ। ਇਸੇ ਤਰ੍ਹਾਂ ਅਮਨ ਅਰੋੜਾ ਅਤੇ ਤਰੁਨਪ੍ਰੀਤ ਸਿੰਘ ਸੌਂਦ ਦਿੱਲੀ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਉੱਤਰਾਖੰਡ ਦੇ ਮੁੱਖ ਮੰਤਰੀਆਂ ਨੂੰ ਸੱਦਾ ਦੇਣਗੇ।

ਡਾ. ਬਲਬੀਰ ਸਿੰਘ ਅਤੇ ਹਰਦੀਪ ਸਿੰਘ ਮੁੰਡੀਆ ਛੱਤੀਸਗੜ੍ਹ ਤੇ ਝਾਰਖੰਡ ਦੇ ਮੁੱਖ ਮੰਤਰੀਆਂ ਜਦਕਿ ਹਰਭਜਨ ਸਿੰਘ ਈ.ਟੀ.ਓ. ਤੇ ਬਰਿੰਦਰ ਕੁਮਾਰ ਗੋਇਲ ਦੀ ਡਿਊਟੀ ਕੇਰਲ, ਕਰਨਾਟਕ, ਤਾਮਿਲਨਾਡੂ ਤੇ ਪੁਡੂਚੇਰੀ ਦੇ ਮੁੱਖ ਮੰਤਰੀਆਂ ਨੂੰ ਸੱਦਾ ਦੇਣ ਦੀ ਲਗਾਈ ਗਈ ਹੈ।

ਇਸੇ ਤਰ੍ਹਾਂ ਹਰਜੋਤ ਸਿੰਘ ਬੈਂਸ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਦੀ ਡਿਊਟੀ ਮਹਾਰਾਸ਼ਟਰ, ਬਿਹਾਰ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀਆਂ ਅਤੇ  ਡਾ. ਬਲਜੀਤ ਕੌਰ ਤੇ ਮਹਿੰਦਰ ਭਗਤ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਨੂੰ ਸੱਦਾ ਦੇਣਗੇ।

ਲਾਲਜੀਤ ਸਿੰਘ ਭੁੱਲਰ ਅਤੇ ਡਾ. ਰਵਜੋਤ ਸਿੰਘ ਮੇਘਾਲਿਆ, ਤ੍ਰਿਪੁਰਾ, ਸਿੱਕਮ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼ ਮਨੀਪੁਰ (ਰਾਸ਼ਟਰਪਤੀ ਸ਼ਾਸ਼ਨ) ਅਤੇ ਨਾਗਾਲੈਂਡ ਵਿੱਚ ਸੱਦਾ ਪੱਤਰ ਦੇਣ ਜਾਣਗੇ। ਦੂਜੇ ਪਾਸੇ ਗੁਰਮੀਤ ਸਿੰਘ ਖੁੱਡੀਆਂ ਅਤੇ ਸੰਜੀਵ ਅਰੋੜਾ ਦੀ ਡਿਊਟੀ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਗੋਆ ਦੇ ਮੁੱਖ ਮੰਤਰੀਆਂ ਨੂੰ ਸੱਦਾ ਪੱਤਰ ਦੇਣ ਦੀ ਲਗਾਈ ਗਈ ਹੈ।