ਕੈਲੀਫੋਰਨੀਆ 'ਚ ਟਰੱਕ ਦੁਰਘਟਨਾ ਕਰਨ ਵਾਲੇ ਜਸ਼ਨਪ੍ਰੀਤ ਦੇ ਹੱਕ ਵਿੱਚ ਪੂਰਾ ਪਿੰਡ ਹੋਇਆ ਇਕੱਠਾ
ਬਚਪਨ ਤੋਂ ਅੰਮ੍ਰਿਤਧਾਰੀ ਹੈ ਜਸ਼ਨਪ੍ਰੀਤ: ਪਿੰਡ ਵਾਸੀ
ਗੁਰਦਾਸਪੁਰ: ਅਮਰੀਕਾ ਦੇ ਕੈਲੀਫੋ਼ਰਨੀਆ 'ਚ ਬੁੱਧਵਾਰ ਨੂੰ ਵਾਪਰੇ ਹਾਦਸੇ ’ਚ ਇਕ ਪੰਜਾਬੀ ਨੌਜਵਾਨ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬੀ ਟਰੱਕ ਡਰਾਈਵਰ ਨੇ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖ਼ਮੀ ਹੋ ਗਏ। ਅਮਰੀਕਾ ਪੁਲਿਸ ਨੇ ਜਸ਼ਨਪ੍ਰੀਤ 'ਤੇ ਨਸ਼ੇ ਦੀ ਹਾਲਤ ਵਿਚ ਹੋਣ ਦਾ ਦਾਅਵਾ ਕੀਤਾ।
ਇਸ ਘਟਨਾ ਤੋਂ ਬਾਅਦ ਜਸ਼ਨਪ੍ਰੀਤ ਦਾ ਪ੍ਰਵਾਰ ਸਾਹਮਣੇ ਆਇਆ ਹੈ। ਜਸ਼ਨਪ੍ਰੀਤ ਗੁਰਦਾਸਪੁਰ ਦੇ ਪਿੰਡ ਪੁਰਾਣਾ ਸ਼ਾਲਾ ਦਾ ਰਹਿਣ ਵਾਲਾ ਹੈ। ਜਸ਼ਨਪ੍ਰੀਤ ਦਾ ਪਰਿਵਾਰ ਅਤੇ ਪਿੰਡ ਵਾਸੀ ਉਸ ਦੇ ਹੱਕ ਵਿੱਚ ਆਏ ਹਨ। ਉਨ੍ਹਾਂ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਵਿੱਚ ਦਾਅਵਾ ਕੀਤਾ ਹੈ ਕਿ ਜਸ਼ਨਪ੍ਰੀਤ ਬਚਪਨ ਤੋਂ ਹੀ ਗੁਰਸਿੱਖ ਹੈ ਅਤੇ ਇੱਕ ਹੋਣਹਾਰ ਬੱਚਾ ਹੈ। ਇਥੋਂ ਤੱਕ ਕਿ ਉਸ ਦਾ ਪੂਰਾ ਪਰਿਵਾਰ ਹੀ ਗੁਰਸਿੱਖ ਹੈ। ਨਸ਼ਾ ਕਰਨਾ ਤਾਂ ਦੂਰ ਉਸ ਨੇ ਕਦੇ ਵੀ ਨਸ਼ੇ ਵੱਲ ਵੇਖਿਆ ਤੱਕ ਨਹੀਂ ਹੈ। ਉਸ ’ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।
ਜਸ਼ਨਪ੍ਰੀਤ ਸਿੰਘ ਦੇ ਪਿਤਾ ਰਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਮਹਿਜ਼ ਇੱਕ ਦੁਰਘਟਨਾ ਹੈ, ਜੋ ਕਦੇ ਵੀ ਕਿਸੇ ਨਾਲ ਵੀ ਵਾਪਰ ਸਕਦੀ ਹੈ। ਉਨ੍ਹਾਂ ਨੂੰ ਦੁਰਘਟਨਾ ਵਿੱਚ ਮਾਰੇ ਗਏ 3 ਲੋਕਾਂ, ਜਿਨਾਂ ਵਿੱਚ ਇੱਕ ਔਰਤ ਅਤੇ 2 ਬੱਚੇ ਵੀ ਸ਼ਾਮਲ ਸਨ, ਦੀ ਮੌਤ ਦਾ ਦੁੱਖ ਹੈ ਅਤੇ ਉਹ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ।
ਪਰ ਜਸ਼ਨਪ੍ਰੀਤ ਦਾ ਨਸ਼ੇ ਨਾਲ ਕੋਈ ਸਬੰਧ ਨਹੀਂ ਹੈ, ਉਹ ਨਸ਼ੇ ਨਹੀਂ ਕਰਦਾ। ਉਸ ਨੂੰ ਨਜਾਇਜ਼ ਹੀ ਭੰਡਿਆ ਜਾ ਰਿਹਾ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਮਲੇ ਵਿੱਚ ਦਖ਼ਲਅੰਦਾਜ਼ੀ ਕਰਕੇ ਇਸ ਦੀ ਗਹਿਰਾਈ ਨਾਲ ਜਾਂਚ ਕਰਵਾਉਣ ਲਈ ਅਮਰੀਕਾ ਦੀ ਸਰਕਾਰ ਨਾਲ ਅਤੇ ਕੈਲੀਫੋਰਨੀਆ ਦੇ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ।