ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਦੇ ਮੱਦੇਨਜ਼ਰ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੀ ਬਦਲੇਗੀ ਨੁਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਨਿਰਮਾਣ ਮੰਤਰੀ ਵੱਲੋਂ 15 ਨਵੰਬਰ ਤੱਕ ਸਾਰੇ ਕੰਮ ਨੇਪਰੇ ਚੜ੍ਹਾਉਣ ਦੇ ਨਿਰਦੇਸ਼

roads of Anandpur Sahib will change in view of the events dedicated to the martyrdom day of Guru Tegh Bahadur Ji.

ਚੰਡੀਗੜ੍ਹ: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਸ਼ੁੱਕਰਵਾਰ ਨੂੰ ਵਿਭਾਗ ਦੇ ਅਧਿਕਾਰੀਆਂ ਨੂੰ ਸੜਕੀ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਦੇ ਮੱਦੇਨਜ਼ਰ ਪ੍ਰੋਜੈਕਟਾਂ ਨੂੰ 15 ਨਵੰਬਰ2025 ਤੋਂ ਪਹਿਲਾਂ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।

ਇੱਥੇ ਪੱਤਰਕਾਰਾਂ ਨੂੰ ਬਿਆਨ ਜਾਰੀ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੱਦੇਨਜ਼ਰ, ਸ੍ਰੀ  ਅਨੰਦਪੁਰ ਸਾਹਿਬ ਦੀਆਂ ਮੁੱਖ ਸੜਕਾਂ ਦੀ ਮੁਰੰਮਤ ਅਤੇ ਸੜਕਾਂ ਤੇ ਲਾਈਟਾਂ ਦੀ ਅਪਗ੍ਰੇਡਸ਼ਨ ਦੀ ਵਿਆਪਕ ਯੋਜਨਾ ਨੂੰ ਚੰਡੀਗੜ੍ਹ ਸਰਕਲ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਅੰਤਿਮ ਰੂਪ ਦੇ ਦਿੱਤਾ ਗਿਆ ਹੈ।ਮਿੱਥੇ ਗਏ ਕੰਮਾਂ ਅਤੇ ਇਨ੍ਹਾਂ ਕੰਮਾਂ ਨਾਲ ਸਬੰਧਤ ਰੱਖ-ਰਖਾਅ ਕਾਰਜਾਂ ਲਈ ਲਗਭਗ 24.51 ਕਰੋੜ ਰੁਪਏ ਦੇ ਕੁੱਲ ਅਨੁਮਾਨਿਤ ਫੰਡ ਰੱਖ ਗਏ ਹਨ।

ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਸ ਕਾਰਜ ਯੋਜਨਾ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਦਸ਼ਮੇਸ਼ ਅਕੈਡਮੀ ਰੋਡ, ਸ਼ਹਿਰ ਦੀਆਂ ਅੰਦਰਲੀਆਂ ਸੜਕਾਂ,ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਨੈਣਾ ਦੇਵੀ ਰੋਡ ਅਤੇ ਹੋਰ ਸੜਕਾਂ ਦੀ ਅਪਗ੍ਰੇਡਸ਼ਨ ਸ਼ਾਮਲ ਹੈ।ਇਸ ਵਿੱਚ 23 ਕਰੋੜ ਦੀ ਅਨੁਮਾਨਿਤ ਲਾਗਤ ਨਾਲ ਸੜਕਾਂ,ਪੁਲਾਂ ਅਤੇ ਕੰਨੈਕਟਡ ਲੇਨਜ਼ ਦੀ ਅਪਗ੍ਰੇਡਸ਼ਨ ਕਰਨਾ ਵੀ ਸਾ਼ਮਲ ਹੈ। ਇਸੇ ਤਰ੍ਹਾਂ ਵਿਸ਼ੇ਼ਸ਼ ਮੁਰੰਮਤ ਅਤੇ ਰੱਖ-ਰਖਾਵ ਦੇ ਕੰਮਾਂ ਦੇ ਲਈ 77.58 ਲੱਖ ਦੀ ਵਾਧੂ ਰਾਸ਼ੀ ਅਲਾਟ ਕੀਤੀ ਗਈ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੁਰੰਮਤ ਕਾਰਜਾਂ ਵਿੱਚ ਸੜਕਾਂ ਅਤੇ ਸੜਕਾਂ ਦੇ ਕਿਨਾਰੇ ਲੱਗੀਆਂ ਲਾਈਟਾਂ ਦੀ ਅਪਗ੍ਰੇਸਡਸ਼ਨ ਤੇ ਮੁਰੰਮਤ ਨੂੰ ਤਰਜੀਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਾਰਜਕੁਸ਼ਲਤਾ ਤੇ ਸੁਰੱਖਿਆ ਨੂੰ ਵਧਾਉਣ ਲਈ ਰੈਗੂਲਰ ਅਤੇ ਸਪੈਸ਼ਲ ਰਿਪੇਅਰ, ਬਿਜਲੀ ਦੇ ਪੁਰਾਣੇ ਜਾਂ ਖਰਾਬ ਖੰਭਿਆਂ ਨੂੰ ਬਦਲਣਾ, ਐਲਈਡੀ ਲਾਈਟਾਂ ਲਗਾਉਣਾ ਅਤੇ ਐਲੂਮੀਨੀਅਮ ਤੇ ਕਾਪਰ ਵਾਇਰਿੰਗ ਅਪਗ੍ਰੇਡ ਕਰਨਾ ਵੀ ਇਸ ਪਹਿਲਕਦਮੀ ਦਾ ਹਿੱਸਾ ਹੈ।

ਹਰਭਜਨ ਸਿੰਘ ਈਟੀਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਨ੍ਹਾਂ ਕੰਮਾਂ ਲਈ ਕੁੱਲ 24.51 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ।ਵਿਭਾਗ ਨੇ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਸੁਖਾਲੀ ਤੇ ਸਚਾਰੂ ਯਾਤਰਾ ਦੀ ਸਹੂਲਤ ਦੇਣ ਲਈ ਉੱਚ ਗੁਣਵੱਤਾ ਬੁਨਿਆਦੀ ਢਾਚਾ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ ਤਾਂ ਜੋ ਇਸ ਇਤਿਹਾਸਕ ਸਮਾਗਮ ਦੌਰਾਨ ਵਧੀਆਂ ਤੋਂ ਵਧੀਆ ਮਾਹੌਲ ਸਿਰਜਿਆ ਜਾ ਸਕੇ।