ਟਰਾਲੀਆਂ ਨੂੰ ‘ਸੰਘਰਸ਼ੀ ਵਾਹਨ’ ਬਣਾ ਦਿੱਲੀ ਨੂੰ ਫਰਜ਼ ਚੇਤੇ ਕਰਵਾਉਣ ਤੁਰੀ ਕਿਸਾਨੀ, ਘੱਤੀਆਂ ਵਹੀਰਾਂ
ਹਰਿਆਣਾ ਬਾਰਡਰ 'ਤੇ ਇਕੱਠੇ ਹੋਣ ਲੱਗੇ ਕਿਸਾਨ
ਮਲੋਟ : ਪੰਜਾਬ ਅੰਦਰ ਸੰਘਰਸ਼ੀ ਪਾਰਾ ਆਪਣੀ ਚਰਮ-ਸੀਮਾ ‘ਤੇ ਪਹੁੰਚ ਚੁੱਕਾ ਹੈ। ਸੰਘਰਸ਼ੀ ਧਿਰਾਂ ਕੇਂਦਰ ਨਾਲ ਆਰ-ਪਾਰ ਦੀ ਲੜਾਈ ਲਈ ਕਮਰਕੱਸੇ ਕਰ ਦਿੱਲੀ ਵੱਲ ਰਵਾਨਗੀ ਕਰ ਚੁਕੀਆਂ ਹਨ। ਭਾਵੇਂ ਦਿੱਲੀ ਚੱਲਣ ਦਾ ਸੱਦਾ 26-27 ਨਵੰਬਰ ਦਾ ਦਿਤਾ ਹੋਇਆ ਹੈ, ਪਰ ਸੰਘਰਸ਼ੀ ਰੰਗ ਵਿਚ ਰੰਗੀ ਕਿਸਾਨੀ ਨੇ ਅਗੇਤੇ ਹੀ ਘਰੋਂ ਨਿਕਲਣ ਕੇ ਹਰਿਆਣਾ ਦੀ ਸਰਹੱਦ ਵੱਲ ਵਧਣਾ ਸ਼ੁਰੂ ਕਰ ਦਿਤਾ ਹੈ।
ਉਧਰ ਹਰਿਆਣਾ ਸਰਕਾਰ ਨੇ ਵੀ ਦਿੱਲੀ ਦੀਆਂ ਮਾਨਸ਼ਾਵਾ ਤਹਿਤ ਕਿਸਾਨੀ ਦੇ ਦਿੱਲੀ ਚਾਲੇ ਦੀ ਰਫਤਾਰ ਨੂੰ ਠੱਲ੍ਹਣ ਦੀ ਤਿਆਰੀ ਵਿੱਢ ਦਿੱਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਸਮੇਤ ਪੁਲਿਸ ਪ੍ਰਸ਼ਾਸਨ ਨੇ ਆਪਣੇ ਇਰਾਦੇ ਜਾਹਰ ਕਰ ਦਿਤੇ ਹਨ ਜੋ ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸਬੱਬ ਬਣਦੇ ਵਿਖਾਈ ਦੇ ਰਹੇ ਹਨ।
ਇਨ੍ਹਾਂ ਰੋਕਾਂ ਲਈ ਕਿਸਾਨ ਜਥੇਬੰਦੀਆਂ ਮਾਨਸਿਕ ਤੌਰ ‘ਤੇ ਪਹਿਲਾਂ ਹੀ ਤਿਆਰ ਸਨ। ‘ਜਿੱਥੇ ਰੋਕਿਆ ਜਾਵੇਗਾ ਉਥੇ ਹੀ ਧਰਨਾ ਲਾ ਦਿਤਾ ਜਾਵੇਗਾ’ ਵਰਗੇ ਐਲਾਨ ਇਸੇ ਵੱਲ ਇਸ਼ਾਰਾ ਕਰਦੇ ਹਨ। ਖ਼ਬਰਾਂ ਮੁਤਾਬਕ ਹਰਿਆਣਾ ਸਰਕਾਰ ਪਰਚੇ ਦਰਜ ਕਰ ਕੇ ਕਿਸਾਨੀ ਘੋਲ ਨੂੰ ਥੰਮਣ ਦੇ ਯਤਨਾਂ ਵਿਚ ਹੈ ਜੋ ਫਿਲਹਾਲ ਅਸਫਲ ਹੁੰਦੇ ਵਿਖਾਈ ਦੇ ਰਹੇ ਹਨ।
ਸੂਤਰਾਂ ਮੁਤਾਬਕ ਸੂਬੇ ਦੀਆਂ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਦੇ ਸੱਦੇ ਤਹਿਤ ਰਾਜਧਾਨੀ ਵੱਲ ਰਵਾਨਾ ਹੋ ਚੁਕੀਆਂ ਹਨ। ਕਿਸਾਨਾਂ ਨੇ ਟਰਾਲੀਆਂ ਉਪਰ ਤੰਬੂ ਲਾ ਘਰਾਂ 'ਚ ਤਬਦੀਲ ਕਰ ਲਿਆ ਹੈ। ਟਰਾਲੀਆਂ ਵਿਚ ਰਸਦ, ਪਾਣੀ ਸਮੇਤ ਹੋਰ ਜ਼ਰੂਰੀ ਵਸਤਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤੇ 9 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਡੱਬਵਾਲੀ ਮੰਡੀ ਵਿਖੇ ਇਕੱਤਰ ਹੋਕੇ ਰਵਾਨਗੀ ਪਾਉਣੀ ਹੈ ਉਥੇ ਵੱਖ-ਵੱਖ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮਾਂ ਤਹਿਤ ਖਨੌਰੀ ਅਤੇ ਸ਼ੰਭੂ ਬਾਰਡਰ ਰਾਹੀਂ ਵੀ ਕਿਸਾਨਾਂ ਨੇ ਹਰਿਆਣਾ 'ਚ ਦਾਖ਼ਲ ਹੋ ਕੇ ਦਿੱਲੀ ਵੱਲ ਵਹੀਰਾਂ ਘੱਤਣੀ ਲਈ ਤਤਪਰ ਹਨ।
ਪ੍ਰਤੱਖਦਰਸ਼ੀਆਂ ਮੁਤਾਬਕ ਫਾਜ਼ਿਲਕਾ ਜ਼ਿਲੇ ਦੇ ਵੱਖ-ਵੱਖ ਬਲਾਕਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਲਖਵਿੰਦਰ ਸਿੰਘ ਜੰਡਵਾਲਾ, ਭੁਪਿੰਦਰ ਸਿੰਘ, ਦਵਿੰਦਰ ਸਹਾਰਨ, ਰਾਜ ਕੁਮਾਰ ਅਤੇ ਗੁਰਚਰਨ ਸਿੰਘ ਟੀਡਾਂਵਾਲੀ ਦੀ ਅਗਵਾਈ ਹੇਠ ਦਰਜਨਾਂ ਟਰੈਕਟਰ ਟਰਾਲੀਆਂ ਦੇ ਕਾਫਲੇ ਮਲੋਟ ਰਾਹੀਂ ਬਠਿੰਡਾਂ ਵੱਲ ਨੂੰ ਰਵਾਨਾ ਹੁੰਦੇ ਵੇਖੇ ਗਏ ਹਨ। ਕਿਸਾਨਾਂ ਮੁਤਾਬਕ ਉਨ੍ਹਾਂ ਨੇ ਸਿੱਧੂਪੁਰ ਯੂਨੀਅਨ ਦੀ ਅਗਵਾਈ ਹੇਠ ਸੰਗਰੂਰ ਇਕੱਠਾ ਹੋਣਾ ਹੈ, ਜਿਸ ਤੋਂ ਬਾਅਦ ਅਗਲੇ ਪੜਾਅ ਵੱਲ ਵਹੀਰਾਂ ਘੱਤੀਆਂ ਜਾਣਗੀਆਂ। ਕਿਸਾਨਾਂ ਵਲੋਂ ਕੀਤੇ ਗਏ ਮਿਸਾਲੀ ਤਿਆਰੀ ਪ੍ਰਬੰਧਾਂ ਅਤੇ ਚਿਹਰਿਆਂ ‘ਤੇ ਸੰਘਰਸ਼ੀ ਜੋਸ਼ ਤੋਂ ਕਿਸਾਨਾਂ ਦੇ ਇਰਾਦਿਆਂ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।