ਬਠਿੰਡਾ ਦਾ ਬਲੱਡ ਬੈਂਕ ਬਣਿਆ ਏਡਜ਼ ਦਾ ਕਾਰਖਾਨਾ

ਏਜੰਸੀ

ਖ਼ਬਰਾਂ, ਪੰਜਾਬ

ਇਕ ਹੋਰ ਥੈਲੇਸੀਮੀਆ ਪੀੜਤ ਬੱਚਾ ਏਡਜ਼ ਦੀ ਜਕੜ 'ਚ ਆਇਆ

image

ਬਠਿੰਡਾ, 24 ਨਵੰਬਰ (ਸੁਖਜਿੰਦਰ ਮਾਨ): ਬਠਿੰਡਾ ਦੇ ਭਾਈ ਮਨੀ ਸਿੰਘ ਸਿਵਲ ਹਸਪਤਾਲ 'ਚ ਸਥਿਤ ਬਲੱਡ ਬੈਂਕ ਹੁਣ ਏਡਜ਼ ਦਾ ਕਾਰਖਾਨਾ ਬਣ ਚੁੱਕਾ ਹੈ। ਅੱਜ ਇਕ ਹੋਰ ਥੈਲੀਸੀਮੀਆ ਪੀੜਤ ਬੱਚਾ ਏਡਜ਼ ਪੀੜਤ ਮਿਲਿਆ। ਪਿਛਲੇ ਡੇਢ ਮਹੀਨੇ ਵਿਚ ਇਹ ਚੌਥਾ ਬੱਚਾ ਹੈ, ਜਿਸ ਨੂੰ ਕਥਿਤ ਤੌਰ 'ਤੇ ਬਲੱਡ ਬੈਂਕ ਤੋਂ ਇਹ ਸੌਗਾਤ ਮਿਲੀ ਹੈ।
ਇਸ ਤੋਂ ਇਲਾਵਾ ਇਕ ਔਰਤ ਵੀ ਬਲੱਡ ਬੈਂਕ ਤੋਂ ਖੂਨ ਲੈਣ ਤੋਂ ਬਾਅਦ ਏਡਜ਼ ਰੋਗੀ ਮਿਲੀ ਹੈ। ਇਸੇ ਤਰ੍ਹਾਂ ਦੋ ਥੈਲੇਸੀਮੀਆ ਪੀੜਤ ਬੱਚਿਆਂ ਵਿਚ ਕਾਲਾ ਪੀਲੀਆ ਦੀ ਬੀਮਾਰੀ ਪਾਈ ਗਈ ਹੈ। ਸੂਚਨਾ ਮੁਤਾਬਕ ਅੱਜ ਏਡਜ਼ ਪੀੜਤ ਪਾਇਆ ਬੱਚਾ ਰਾਮਪੁਰਾ ਨਜ਼ਦੀਕ ਇਕ ਪਿੰਡ ਦਾ ਰਹਿਣ ਵਾਲਾ ਹੈ। ਉਸ ਦੀ ਉਮਰ ਨੌੰ ਸਾਲ ਦੀ ਹੈ ।


ਇਕ ਹੋਰ ਦੁਖਦ ਗੱਲ ਇਹ ਵੀ ਹੈ ਕਿ ਮਜ਼ਦੂਰ ਪਰਵਾਰ ਨਾਲ ਸਬੰਧਤ ਇਸ ਬੱਚੇ ਦੇ ਸਿਰ ਉਪਰ ਬਾਪ ਦਾ ਸਾਇਆ ਵੀ ਨਹੀਂ ਹੈ। ਉਸ ਦਾ ਬਜ਼ੁਰਗ ਦਾਦਾ ਹੀ ਉਸ ਦਾ ਇਲਾਜ ਕਰਵਾ ਰਿਹਾ ਸੀ । ਉਧਰ ਲਗਾਤਾਰ ਇਕ ਤੋਂ ਬਾਅਦ ਇਕ ਚਾਰ ਬੱਚੇ ਏਡਜ਼ ਦੀ ਲਪੇਟ ਵਿਚ ਆਉਣ ਤੋਂ ਦੁਖ਼ੀ ਥੈਲੇਸੀਮੀਆ ਪੀੜਤ ਬੱਚਿਆਂ ਦੇ ਮਾਪਿਆਂ ਨੇ ਭਲਕੇ ਬਲੱਡ ਬੈਂਕ ਅੱਗੇ ਇਕੱਠੇ ਹੋ ਕੇ ਅਗਲਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ।


ਜ਼ਿਕਰਯੋਗ ਹੈ ਕਿ ਇਸ ਬਲੱਡ ਬੈਂਕ ਤੋਂ ਖ਼ੂਨ ਚੜ੍ਹਾਉਣ ਵਾਲਾ ਪਹਿਲਾ ਬੱਚਾ ਦੱਸ ਅਕਤੂਬਰ ਨੂੰ ਏਡਜ਼ ਪੀੜਤ ਮਿਲਿਆ ਸੀ। ਇਸ ਮਾਮਲੇ ਦੀ ਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਬੱਚੇ ਤੋਂ ਪਹਿਲਾਂ ਇਕ ਹੋਰ ਔਰਤ ਨੂੰ ਵੀ ਗ਼ਲਤੀ ਨਾਲ ਏਡਜ਼ ਪੀੜਤ  ਵਿਅਕਤੀ ਦਾ ਖੂਨ ਚੜ੍ਹਾਇਆ ਗਿਆ ਸੀ। ਔਰਤ ਦੇ ਟੈਸਟਾਂ ਤੋਂ ਬਾਅਦ ਉਹ ਵੀ ਇਸ ਰੋਗ ਤੋਂ ਪੀੜਤ ਪਾਈ ਗਈ ਸੀ। ਇਸ ਮਾਮਲੇ ਵਿਚ ਸਿਹਤ ਵਿਭਾਗ ਨੇ ਸਖ਼ਤੀ ਕਰਦੇ ਹੋਏ ਬਲੱਡ ਬੈਂਕ ਦੇ ਇੰਚਾਰਜ ਡਾ ਕ੍ਰਿਸ਼ਮਾ ਗੋਇਲ ਅਤੇ ਲੈਬ ਟੈਕਨੀਸ਼ੀਅਨ ਰਿਚਾ ਗੋਇਲ ਨੂੰ ਬਰਖ਼ਾਸਤ ਕਰ ਦਿਤਾ ਸੀ। ਜਦੋਂ ਕਿ ਸਿਹਤ ਵਿਭਾਗ ਨਾਲ ਸਬੰਧਤ ਸੀਨੀਅਰ ਲੈਬ ਟੈਕਨੀਸ਼ੀਅਨ ਬਲਦੇਵ ਸਿੰਘ ਰੋਮਾਣਾ ਨੂੰ ਮੁਅੱਤਲ ਕਰ ਕੇ ਉਸ ਵਿਰੁਧ ਪਰਚਾ ਦਰਜ ਕਰਵਾ ਦਿਤਾ ਸੀ।
ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਚਾਰ ਲੈਬ ਟੈਕਨੀਸ਼ਨਾਂ ਨੂੰ ਬੀਤੇ ਕਲ ਹੀ ਬਰਖ਼ਾਸਤ ਕੀਤਾ ਹੈ।

image


ਇਸ ਤੋਂ ਇਲਾਵਾ ਤੀਜੇ ਮਾਮਲੇ ਦੀ ਹਾਲੇ ਜਾਂਚ ਜਾਰੀ ਹੈ ਪਰ ਅੱਜ ਇਕ ਹੋਰ ਕੇਸ ਸਾਹਮਣੇ  ਆਉਣ ਨਾਲ ਸਿਹਤ ਵਿਭਾਗ ਵਿਚ ਤਰਥੱਲੀ ਮੱਚ ਗਈ ਹੈ।
ਸਿਹਤ ਵਿਭਾਗ ਦੇ ਸੂਤਰਾਂ ਤੋਂ ਸੂਚਨਾ ਮਿਲੀ ਹੈ ਕਿ ਸਰਕਾਰ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਪੂਰੀ ਸਚਾਈ ਸਾਹਮਣੇ  ਆ ਸਕਦੀ ਹੈ।
ਦਸਣਾ ਬਣਦਾ ਹੈ ਕਿ ਜ਼ਿਲ੍ਹੇ ਵਿਚ 70 ਦੇ ਕਰੀਬ ਬੱਚੇ ਥੈਲੇਸੀਮੀਆ ਰੋਗ ਤੋਂ ਪੀੜਤ ਹਨ ਜਿਨ੍ਹਾਂ ਨੂੰ ਹਰ ਪੰਦਰਾਂ ਦਿਨਾਂ ਬਾਅਦ ਖੂਨ ਚੜ੍ਹਾਉਣਾ ਪੈਂਦਾ  ਹੈ।  ਉਧਰ ਬਠਿੰਡਾ ਥੈਲਾਸੀਮੀਆ ਵੈੱਲਫ਼ੇਅਰ ਸੁਸਾਇਟੀ ਦੇ ਮੈਂਬਰਾਂ ਜਤਿੰਦਰ ਸਿੰਘ ਅਤੇ ਮਹਿੰਦਰ ਕਾਲੜਾ ਨੇ ਦੋਸ਼ ਲਗਾਇਆ ਕਿ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੀਆਂ ਨਾਕਾਮੀਆਂ ਕਰਕੇ ਹੁਣ ਤਕ ਚਾਰ ਬੱਚੇ ਏਡਜ਼ ਦੀ ਲਪੇਟ ਵਿਚ ਆ ਚੁਕੇ ਹਨ। ਜਿਸ ਦੇ ਚੱਲਦੇ ਬਠਿੰਡਾ ਥੈਲਾਸੀਮੀਆ ਵੈਲਫ਼ੇਅਰ ਸੁਸਾਇਟੀ ਵਲੋਂ ਇਨ੍ਹਾਂ ਬੱਚਿਆਂ ਦੇ ਕਥਿਤ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਥੈਲਾਸੀਮੀਆ ਪੀੜਤ ਬੱਚਿਆਂ ਦੇ ਮਾਪਿਆਂ ਵੱਲੋਂ ਸਵੇਰੇ 10 ਵਜੇ ਬਲੱਡ ਬੈਂਕ ਸਿਵਲ ਹਸਪਤਾਲ ਵਿਖੇ ਇਕੱਠੇ ਹੋ ਕੇ ਸੰਘਰਸ਼ ਵਿਢਿਆ ਜਾਵੇਗਾ।