ਟਰੰਪ ਦੇ ਦੌਰੇ ਸਮੇਂ ਖ਼ਾਲਿਦ ਨੇ ਰਚੀ ਦਿੱਲੀ 'ਚ ਦੰਗੇ ਕਰਵਾਉਣ ਦੀ ਸਾਜ਼ਸ਼: ਪੁਲਿਸ

ਏਜੰਸੀ

ਖ਼ਬਰਾਂ, ਪੰਜਾਬ

ਟਰੰਪ ਦੇ ਦੌਰੇ ਸਮੇਂ ਖ਼ਾਲਿਦ ਨੇ ਰਚੀ ਦਿੱਲੀ 'ਚ ਦੰਗੇ ਕਰਵਾਉਣ ਦੀ ਸਾਜ਼ਸ਼: ਪੁਲਿਸ

image

24 ਫ਼ਰਵਰੀ ਨੂੰ ਫ਼ਿਰਕੂ ਝੜਪਾਂ ਵਿਚ 53 ਲੋਕਾਂ ਦੀ ਹੋਈ ਸੀ ਮੌਤ

ਨਵੀਂ ਦਿੱਲੀ, 23 ਨਵੰਬਰ : ਦਿੱਲੀ ਪੁਲਿਸ ਨੇ ਅਦਾਲਤ ਵਿਚ ਦਾਇਰ ਕੀਤੀ ਅਪਣੀ ਚਾਰਜਸ਼ੀਟ ਵਿਚ ਕਿਹਾ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਸਾਬਕਾ ਵਿਦਿਆਰਥੀ ਉਮਰ ਖ਼ਾਲਿਦ ਨੇ ਇਸ ਸਾਲ ਫ਼ਰਵਰੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯਾਤਰਾ ਦੌਰਾਨ ਦਿੱਲੀ ਦੰਗਿਆਂ ਨੂੰ ਹਵਾ ਦੇਣ ਦੀ ਸਾਜ਼ਸ਼ ਰਚੀ ਸੀ, ਤਾਕਿ ਭਾਰਤ ਵਿਚ ਘੱਟ ਗਿਣਤੀਆਂ 'ਤੇ ਅਤਿਆਚਾਰ ਦਾ ਵਿਸ਼ਵ ਪੱਧਰ 'ਤੇ ਪ੍ਰਚਾਰ ਕੀਤਾ ਜਾ ਸਕੇ।
ਦਿੱਲੀ ਪੁਲਿਸ ਨੇ ਫ਼ਰਵਰੀ ਵਿਚ ਉੱਤਰ-ਪੂਰਬੀ ਦਿੱਲੀ ਵਿਚ ਫ਼ਿਰਕੂ ਹਿੰਸਾ ਦੇ ਪਿੱਛੇ ਕਥਿਤ ਸਾਜ਼ਸ਼ ਰਚਣ ਦੇ ਦੋਸ਼ ਵਿਚ ਖ਼ਾਲਿਦ ਅਤੇ ਜੇ ਐਨ ਯੂ ਦੇ ਵਿਦਿਆਰਥੀ ਸ਼ਰਜਿਲ ਇਮਾਮ ਖ਼ਿਲਾਫ਼ ਇਕ ਦਿੱਲੀ ਦੀ ਇਕ ਅਦਾਲਤ ਵਿਚ ਪੂਰਕ ਚਾਰਜਸ਼ੀਟ ਦਾਇਰ ਕੀਤੀ ਸੀ।
ਐਤਵਾਰ ਨੂੰ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਅਨੁਸਾਰ ਖਾਲਿਦ ਇਕ ਸਾਜ਼ਸ਼ ਤਹਿਤ 23 ਫ਼ਰਵਰੀ ਨੂੰ ਦਿੱਲੀ ਤੋਂ ਪਟਨਾ ਗਿਆ ਸੀ ਅਤੇ 27 ਫ਼ਰਵਰੀ ਨੂੰ ਵਾਪਸ ਪਰਤਿਆ ਸੀ।
ਇਸ ਵਿਚ ਦੋਸ਼ ਲਾਇਆ ਕਿ ਖ਼ਾਲਿਦ ਨੇ ਚਾਂਦ ਬਾਗ਼ ਦੇ ਦਫ਼ਤਰ ਵਿਚ ਹੋਰ ਮੁਲਜ਼ਮਾਂ ਨਾਲ ਵੀ ਮੀਟਿੰਗ ਕੀਤੀ ਸੀ।
ਐਫ਼ਆਈਆਰ ਵਿਚ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਫਿਰਕੂ ਹਿੰਸਾ ਇਕ ਸੋਚੀ ਸਮਝੀ ਸਾਜ਼ਸ਼ ਸੀ ਜਿਸ ਨੂੰ ਖ਼ਾਲਿਦ ਅਤੇ ਦੋ ਹੋਰ ਲੋਕਾਂ ਨੇ ਅੰਜਾਮ ਦਿਤਾ। ਪੁਲਿਸ ਨੇ ਦੋਸ਼ ਲਾਇਆ ਕਿ ਖ਼ਾਲਿਦ ਨੇ ਦੋ ਵੱਖ-ਵੱਖ ਥਾਵਾਂ 'ਤੇ ਕਥਿਤ ਤੌਰ 'ਤੇ ਭੜਕਾਉ ਭਾਸ਼ਣ ਦਿਤੇ ਸਨ ਅਤੇ ਟਰੰਪ ਦੀ ਫੇਰੀ ਦੌਰਾਨ ਨਾਗਰਿਕਾਂ ਨੂੰ ਸੜਕਾਂ 'ਤੇ ਉਤਰਨ ਅਤੇ ਸੜਕਾਂ ਜਾਮ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਭਾਰਤ ਵਿਚ ਘੱਟ ਗਿਣਤੀਆਂ 'ਤੇ ਅਤਿਆਚਾਰਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਤਸ਼ਾਹਤ ਕੀਤਾ ਜਾਵੇ।
ਪੁਲਿਸ ਨੇ ਦਾਅਵਾ ਕੀਤਾ ਕਿ ਇਸ ਸਾਜ਼ਸ਼ ਵਿਚ ਕਈ ਘਰਾਂ ਵਿਚ ਹਥਿਆਰ, ਪਟਰੌਲ ਬੰਬ, ਐਸਿਡ ਦੀਆਂ ਬੋਤਲਾਂ ਅਤੇ ਪੱਥਰ ਇਕੱਠੇ ਕੀਤੇ ਗਏ ਸਨ। ਪੁਲਿਸ ਨੇ ਦੋਸ਼ ਲਾਇਆ ਕਿ ਸਹਿ ਮੁਲਜ਼ਮ ਮੁਹੰਮਦ ਦਾਨਿਸ਼ ਨੂੰ ਦੰਗਿਆਂ ਵਿਚ ਸ਼ਾਮਲ ਕਰਨ ਲਈ ਦੋ ਵੱਖ-ਵੱਖ ਥਾਵਾਂ 'ਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਜ਼ਿੰਮੇਵਾਰੀ ਦਿਤੀ ਗਈ ਸੀ।
ਉੱਤਰ-ਪੂਰਬੀ ਦਿੱਲੀ ਵਿਚ ਨਾਗਰਿਕਤਾ ਕਾਨੂੰਨ ਵਿਚ ਸੋਧਾਂ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਹਿੰਸਾ ਤੋਂ ਬਾਅਦ 24 ਫ਼ਰਵਰੀ ਨੂੰ ਫਿਰਕੂ ਝੜਪਾਂ ਹੋਈਆਂ ਜਿਸ ਵਿਚ 53 ਲੋਕ ਮਾਰੇ ਗਏ ਅਤੇ ਲਗਭਗ 200 ਲੋਕ ਜ਼ਖ਼ਮੀ ਹੋਏ ਸਨ। (ਪੀਟੀਆਈ)
ਸੂਤਰਾਂ ਅਨੁਸਾਰ ਖਾਲਿਦ, ਇਮਾਮ ਅਤੇ ਇਕ ਹੋਰ ਦੋਸ਼ੀ ਫੈਜ਼ਾਨ ਖ਼ਾਨ ਦੇ ਖ਼ਿਲਾਫ਼ ਸਖ਼ਤ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕੇਸ ਵਿਚ ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਉਨ੍ਹਾਂ ਉੱਤੇ ਦੰਗੇ, ਗ਼ੈਰਕਾਨੂੰਨੀ ਅਸੈਂਬਲੀ, ਅਪਰਾਧਿਕ ਸਾਜ਼ਸ਼, ਕਤਲ, ਧਰਮ, ਭਾਸ਼ਾ, ਜਾਤੀ ਆਦਿ ਦੇ ਆਧਾਰ 'ਤੇ ਦੁਸ਼ਮਣੀ ਨੂੰ ਉਤਸ਼ਾਹਤ ਕਰਨ ਅਤੇ ਭਾਰਤੀ ਦੰਡਾਵਲੀ ਦੀਆਂ ਹੋਰ ਧਾਰਾਵਾਂ ਦਾ ਦੋਸ਼ ਲਗਾਇਆ ਗਿਆ ਹੈ। (ਪੀਟੀਆਈ)