ਸ਼ਰਾਬ ਮਾਮਲੇ ਵਿਚ ਹਾਈਕੋਰਟ ਦੀ ਫਟਕਾਰ ਨਾਲ ਖੁੱਲ੍ਹੀ ਕੈਪਟਨ ਦੀ ਪੋਲ 'ਆਪ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

150 ਤੋਂ ਜਿਆਦਾ ਮੌਤਾਂ ਲਈ ਕੈਪਟਨ ਸਰਕਾਰ ਜਿੰਮੇਵਾਰ- ਮੀਤ ਹੇਅਰ

 Meet Hayer and cm punjab

ਚੰਡੀਗੜ੍ਹ: ਸੱਤਾ ਦੇ ਨਸ਼ੇ ਵਿਚ ਸ਼ਾਹੀ ਮਹਿਲਾ ਦਾ ਅਨੰਦ ਲੈ ਰਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਚ ਹੋ ਰਹੀ ਨਕਲੀ ਸ਼ਰਾਬ ਦੀ ਸਪਲਾਈ ਦਿਖਾਈ ਨਹੀਂ ਦੇ ਰਹੀ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਤੋਂ ਬਾਅਦ ਹੁਣ ਕੈਪਟਨ ਸਾਹਿਬ ਨੂੰ ਸ਼ਾਹੀ ਮਹਿਫਲਾ, ਦੋਸਤਾਂ-ਮਿੱਤਰਾਂ ਅਤੇ ਵਾਦੀਆਂ ਦਾ ਆਨੰਦ ਛੱਡ ਜਾਗਣਾ ਚਾਹੀਦਾ ਹੈ, ਤਾਂ ਜੋ ਬਤੌਰ ਮੁੱਖ ਮੰਤਰੀ ਕੰਮ ਕਰ ਸਕਣ।

ਇਹਨਾ ਗੱਲਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹੈਡਕੁਆਟਰ ਤੋਂ ਜਾਰੀ ਬਿਆਨ ਵਿਚ ਨੌਜਵਾਨ ਵਿੰਗ ਦੇ ਪ੍ਰਧਾਨ ਅਤੇ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੇ ਕੀਤਾ। ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਨਕਲੀ ਸ਼ਰਾਬ ਦੀ ਵਿਕਰੀ ਲਈ ਮਾਣਯੋਗ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਪਾਈ ਫਟਕਾਰ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਗੂੜ੍ਹੀ ਨੀਂਦ ਵਿੱਚੋਂ  ਜਾਗ ਕੇ ਕੰਮ ਕਰਨ।

ਮੀਤ ਹੇਅਰ ਨੇ ਕਿਹਾ ਕਿ ਮਾਝੇ ਵਿਚ ਨਕਲੀ ਸ਼ਰਾਬ ਨਾਲ ਸੈਂਕੜੇ ਗਈਆਂ ਕੀਮਤਾਂ ਜਾਨਾਂ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਅਜੇ ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਬੀਤੇ ਦਿਨੀਂ ਨਸ਼ਾ ਤਸਕਰਾਂ ਦੇ ਫੜ੍ਹੇ ਜਾਣ ਤੋਂ ਬਾਅਦ ਸਾਹਮਣੇ ਆ ਰਿਹਾ ਹੈ ਕਿ ਹੇਠਲੇ ਕਾਂਗਰਸੀ ਆਗੂਆਂ ਤੋਂ ਲੈ ਕੇ ਮੁੱਖ ਮੰਤਰੀ ਦੇ ਓਐਸਡੀ ਤੱਕ ਕਿਵੇਂ ਇਸ ਧੰਦੇ ਵਿਚ ਸ਼ਾਮਲ ਹਨ ਅਤੇ ਕੈਪਟਨ ਸਾਹਿਬ ਉਨ੍ਹਾਂ ਦੇ ਬਚਾਅ ਲਈ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਅਕਾਲੀਆਂ ਅਤੇ ਕਾਂਗਰਸੀਆਂ ਦਾ ਕੰਮ ਸਿਰਫ ਨਸ਼ਾ ਦੇ ਤਸਕਰਾਂ ਦੀ ਰਖਵਾਲੀ ਕਰਨਾ ਹੈ। ਦੋਵੇਂ ਧਿਰਾਂ ਇਕ ਦੂਜੇ ਨੂੰ ਨਿੰਦ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀਆਂ ਹਨ, ਪ੍ਰੰਤੂ ਦੋਵਾਂ ਦਾ ਕੰਮ ਨਸ਼ਾ ਤਸਕਰਾਂ ਨੂੰ ਪਨਾਹ ਦੇਣਾ ਹੈ। ਨੌਜਵਾਨਾਂ ਦੇ ਆਗੂ ਨੇ ਕਿਹਾ ਕਿ  ਜੇਕਰ ਕੈਪਟਨ ਸੁਹਿਰਦ ਹੁੰਦੇ ਤਾਂ ਮਾਝੇ ਵਿਚ ਨਕਲੀ ਸ਼ਰਾਬ ਨਾਲ 150 ਲੋਕਾਂ ਦੇ ਕਰੀਬ ਗਈਆਂ ਜਾਨਾਂ ਬਚ ਸਕਦੀਆਂ ਸਨ।

ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਹੀ ਪੰਜਾਬ ਵਿਚ ਅਕਾਲੀਆਂ ਅਤੇ ਕਾਂਗਰਸੀਆਂ ਦੀ ਗੰਦੀ ਰਾਜਨੀਤੀ ਦੀ ਬੁੱਕਲ ਵਿਚ ਪਲ ਰਹੇ ਨਸ਼ਾ ਤਸਕਰਾਂ ਖਿਲਾਫ ਲੜਾਈ ਲੜਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਨਸ਼ੇ ਦੇ ਸੌਦਾਗਰਾਂ ਨੂੰ ਖਤਮ ਕਰਨ ਲਈ ਹਰ ਪੱਧਰੀ ਦੀ ਲੜਾਈ ਲੜੀ ਜਾਵੇਗੀ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੜਾਈ ਵਿਚ ਵੱਧ ਚੜ੍ਹਕੇ ਆਮ ਆਦਮੀ ਪਾਰਟੀ ਦਾ ਸਾਥ ਦੇਣ।