ਨਿਤੀਸ਼ ਕੁਮਾਰ ਨੂੰ ਪਹਿਲਾਂ 'ਲਵ ਜੇਹਾਦ' ਵਿਰੁਧ ਕਾਨੂੰਨ ਲਿਆਉਣ ਦਿਉ, ਫਿਰ ਅਸੀਂ ਸੋਚਾਂਗੇ: ਰਾਉਤ

ਏਜੰਸੀ

ਖ਼ਬਰਾਂ, ਪੰਜਾਬ

ਨਿਤੀਸ਼ ਕੁਮਾਰ ਨੂੰ ਪਹਿਲਾਂ 'ਲਵ ਜੇਹਾਦ' ਵਿਰੁਧ ਕਾਨੂੰਨ ਲਿਆਉਣ ਦਿਉ, ਫਿਰ ਅਸੀਂ ਸੋਚਾਂਗੇ: ਰਾਉਤ

image

ਮੁੰਬਈ, 23 ਨਵੰਬਰ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਸੋਮਵਾਰ ਨੂੰ ਕਿਹਾ ਕਿ ਪਹਿਲਾਂ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਸਰਕਾਰ ਨੂੰ 'ਲਵ ਜੇਹਾਦ' ਖ਼ਿਲਾਫ਼ ਕਾਨੂੰਨ ਲਿਆਉਣ ਦਿਉ, ਇਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਇਸ 'ਤੇ ਵਿਚਾਰ ਕਰੇਗੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਉਤ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਭਾਜਪਾ ਦੇ ਕੁਝ ਸੀਨੀਅਰ ਆਗੂ 'ਲਵ ਜੇਹਾਦ' ਵਿਰੁਧ ਕਾਨੂੰਨ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੀਜੇਪੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਦੇਸ਼ ਵਿਚ 'ਲਵ ਜੇਹਾਦ' ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਅਜਿਹੀ ਸਥਿਤੀ ਵਿਚ ਇਕ ਕਾਨੂੰਨ ਬਣਾਉਣਾ ਉਚਿਤ ਹੈ। ਕੁਝ ਭਾਜਪਾ ਸ਼ਾਸਤ ਰਾਜਾਂ ਨੇ ਇਸ ਅਖੌਤੀ 'ਲਵ ਜੇਹਾਦ' ਨੂੰ ਰੋਕਣ ਦੀਆਂ ਅਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਰਾਉਤ ਨੇ ਕਿਹਾ ਕਿ ਸ਼ਾਇਦ ਭਾਜਪਾ ਪਛਮੀ ਬੰਗਾਲ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਮੁੱਦਾ ਚੁੱਕ ਰਹੀ ਹੈ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਮਹਾਰਾਸ਼ਟਰ ਦੇ ਕੁਝ ਪ੍ਰਮੁੱਖ ਭਾਜਪਾ ਨੇਤਾ ਪੁੱਛ ਰਹੇ ਹਨ ਕਿ (ਸੂਬੇ ਵਿਚ) 'ਲਵ ਜੇਹਾਦ' ਵਿਰੁਧ ਕਦੋਂ ਕਾਨੂੰਨ ਬਣਾਇਆ ਜਾਵੇਗਾ। ਮੈਂ ਅੱਜ ਸਵੇਰੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਗੱਲਬਾਤ ਕੀਤੀ। (ਪੀਟੀਆਈ)
ਸ਼ਿਵ ਸੈਨਾ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਇਸ ਮੁੱਦੇ 'ਤੇ ਅਸੀਂ ਸਿਰਫ਼ ਇਹ ਕਹਿਣਾ ਚਾਹੁੰਦੇ ਹਾਂ ਕਿ ਪਹਿਲਾਂ (ਭਾਜਪਾ ਸ਼ਾਸਤ) ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਕਾਨੂੰਨ ਬਣਾਇਆ ਜਾਵੇ। ਪਰ, ਜਦੋਂ ਬਿਹਾਰ ਵਿਚ ਕਾਨੂੰਨ ਬਣੇਗਾ, ਜਦੋਂ ਨਿਤੀਸ਼ ਕੁਮਾਰ ਜੀ ਇਸ ਨੂੰ ਬਣਾਉਂਦੇ ਹਨ, ਉਦੋਂ ਅਸੀਂ ਇਸ ਦਾ ਪੂਰਨ ਰੂਪ ਵਿਚ ਅਧਿਐਨ ਕਰਾਂਗੇ। ਰਾਉਤ ਨੇ ਕਿਹਾ ਕਿ ਇਸ ਤੋਂ ਬਾਅਦ ਅਸੀਂ ਮਹਾਰਾਸ਼ਟਰ ਵਿਚ ਇਸ 'ਤੇ ਵਿਚਾਰ ਕਰਾਂਗੇ। (ਪੀਟੀਆਈ)