ਕੇਂਦਰ ਵਲੋਂ ਕਿਸਾਨਾਂ ਨੂੰ ਗੱਲਬਾਤ ਲਈ ਇੱਕ ਹੋਰ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ

farmer

ਚੰਡੀਗੜ੍ਹ-  ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਵਜੋਂ ਪੰਜਾਬ ਦੇ ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕਿਸਾਨਾਂ ਨੇ ਪੂਰੀ ਤਿਆਰੀ ਵੀ ਕਰ ਲਈ ਹੈ। ਕਿਸਾਨ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਤੇ ਦਿੱਲੀ ਪਹੁੰਚਣਗੇ ਤੇ ਦਿੱਲੀ ਦਾ ਘਿਰਾਓ ਕਰਨਗੇ। ਪਰ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਇਕ ਵਾਰ ਫਿਰ ਤੋਂ ਗੱਲਬਾਤ ਕਰਨ ਦਾ ਸੱਦਾ ਦਿੱਤਾ ਹੈ।

ਇਸ ਵਿਚਕਾਰ ਹੁਣ ਕੇਂਦਰ ਸਰਕਾਰ ਵਲੋਂ ਕਿਸਾਨ ਜੱਥੇਬੰਦੀਆਂ ਨੂੰ 3 ਦਸੰਬਰ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਟਵੀਟ ਕਰ ਕਿਹਾ ਕਿ "3 ਦਸੰਬਰ ਨੂੰ ਕਿਸਾਨ ਜੱਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ, ਮੈਨੂੰ ਉਮੀਦ ਹੈ ਇਸ ਦੇ ਚੰਗੇ ਨਤੀਜੇ ਨਿਕਲਣਗੇ।"  ਇਸ ਤੋਂ ਪਹਿਲਾ ਮੁਲਾਕਾਤ 13 ਨਵੰਬਰ ਨੂੰ ਹੋ ਚੁੱਕੀ ਹੈ। ਕਿਸਾਨਾਂ ਨੇ 26 ਨਵੰਬਰ ਤੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਕੂਚ ਤੋਂ ਪਹਿਲਾਂ ਕੇਂਦਰ ਨਾਲ ਕੋਈ ਗੱਲ ਨਹੀਂ ਹੋਵੇਗੀ।

ਜਿਕਰਯੋਗ ਹੈ ਕਿ  ਕਿਸਾਨ ਜਥੇਬੰਦੀਆਂ ਅਪਣੇ ਫ਼ੈਸਲੇ ’ਤੇ ਅਡਿੱਗ ਹਨ। ਕਿਸਾਨ ਆਗੂਆਂ ਮੁਤਾਬਕ ਕੇਂਦਰ ਵਲੋਂ ਬਣਾਏ ਗਏ ਖੇਤੀ ਕਾਨੂੰਨ ਕਿਸਾਨਾਂ ਲਈ ਕਰੋਨਾ ਤੋਂ ਵਧੇਰੇ ਮਾਰੂ ਹਨ, ਇਸ ਲਈ ਉਹ ਵੱਡੀਆਂ ਔਕੜਾਂ ਹੋਣ ਦੇ ਬਾਵਜੂਦ ਦਿੱਲੀ ਵੱਲ ਕੂਚ ਜ਼ਰੂਰ ਕਰਨਗੇ। ਕਿਸਾਨ ਜਥੇਬੰਦੀਆਂ ਨੇ ਬੀਤੇ ਕੱਲ੍ਹ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਭਾਵੇਂ ਸਾਰੀਆਂ ਰੇਲ ਗੱਡੀਆਂ ਨੂੰ ਲਾਂਘਾ ਦੇਣਾ ਮੰਨ ਲਿਆ ਹੈ, ਪਰ ਦਿੱਲੀ ਵੱਲ ਕੂਚ ਪ੍ਰੋਗਰਾਮ ਨੂੰ ਹਰ ਹਾਲ ਸਿਰੇ ਚਾੜ੍ਹਣ ਦਾ ਅਹਿਦ ਦੁਹਰਾਇਆ ਸੀ। 

ਕਿਸਾਨ ਜਥੇਬੰਦੀਆਂ ਮੁਤਾਬਕ ਜੇਕਰ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਤਾਂ ਉਹ ਜਿੱਥੇ ਰੋਕਿਆ ਜਾਵੇਗਾ, ਉਥੇ ਹੀ ਧਰਨੇ ’ਤੇ ਬੈਠ ਜਾਣਗੇ। ਕਿਸਾਨ ਜਥੇਬੰਦੀਆਂ ਨੇ ਟਰਾਲੀਆਂ ’ਤੇ ਚਾਰ ਮਹੀਨੇ ਦੇ ਰਾਸ਼ਨ ਨਾਲ ਲੈ ਕੇ ਜਾਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਕਿਸਾਨਾਂ ਦੇ ਸੰਘਰਸ਼ ਦੇ ਦਿੱਲੀ ਵੱਲ ਸੇਧਿਤ ਹੋਣ ਦੇ ਅੰਦਾਜ਼ੇ ਲੱਗਣ ਲੱਗੇ ਸਨ। ਦਿੱਲੀ ਕੂਚ ਲਈ ਕਿਸਾਨਾਂ ’ਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ।