ਪੱਟੀ ਸ਼ਰਾਬ ਕੇਸ ਕਾਂਗਰਸੀ ਆਗੂਆਂ ਦੀ ਸੂਬੇ ਵਿਚ ਨਸ਼ਾ ਤਸਕਰੀ 'ਚ ਸ਼ਮੂਲੀਅਤ ਦਾ ਸਬੂਤ : ਸੰਧਵਾਂ, ਹੇਅਰ

ਏਜੰਸੀ

ਖ਼ਬਰਾਂ, ਪੰਜਾਬ

ਪੱਟੀ ਸ਼ਰਾਬ ਕੇਸ ਕਾਂਗਰਸੀ ਆਗੂਆਂ ਦੀ ਸੂਬੇ ਵਿਚ ਨਸ਼ਾ ਤਸਕਰੀ 'ਚ ਸ਼ਮੂਲੀਅਤ ਦਾ ਸਬੂਤ : ਸੰਧਵਾਂ, ਹੇਅਰ

image

ਚੰਡੀਗੜ੍ਹ, 23 ਨਵੰਬਰ (ਸੁਰਜੀਤ ਸਿੰਘ ਸੱਤੀ) :  ਆਮ ਆਦਮੀ ਪਾਰਟੀ ਦੇ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ ਤੇ ਮੀਤ ਹੇਅਰ ਨੇ ਕਿਹਾ ਹੈ ਕਿ ਬੀਤੇ ਦਿਨ ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਵੱਲੋਂ ਪੱਟੀ ਦੇ ਕਾਂਗਰਸੀ ਆਗੂਆਂ ਵੱਲੋਂ ਫੜੀ ਗਈ ਨਜਾਇਜ਼ ਸ਼ਰਾਬ ਇਸ ਗੱਲ ਦਾ ਸਬੂਤ ਦਿੰਦੀ ਹੈ, ਕਿ ਕਾਂਗਰਸੀ ਹੁਣ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਹੜੇ ਨਸ਼ਾ ਤਸਕਰ ਪਹਿਲਾਂ ਅਕਾਲੀ ਦਲ ਦੀ ਸ਼ਰਨ ਲੈ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਰਹੇ ਸਨ, ਅੱਜ ਉਨ੍ਹਾਂ ਨੂੰ ਹੀ ਕਾਂਗਰਸ ਦੀ ਸ਼ਹਿ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਲੁਧਿਆਣਾ ਖੇਤਰ ਨਾਲ ਸਬੰਧਤ ਨਸ਼ਾ ਤਸਕਰ ਰਾਣੋ ਦੀਆਂ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਨਾਲ ਨਜ਼ਦੀਕੀਆਂ ਜੱਗ ਜ਼ਾਹਿਰ ਹੋਈਆਂ ਸੀ।
'ਆਪ' ਆਗੂਆਂ ਨੇ ਕਿਹਾ ਕਿ ਕਾਂਗਰਸੀ ਆਗੂ ਸੇਖੋਂ ਭਰਾਵਾਂ ਕੋਲੋਂ ਬਾਹਰਲੇ ਸੂਬੇ ਤੋਂ ਨਜਾਇਜ਼ ਲਿਆਂਦੀ ਗਈ ਸ਼ਰਾਬ ਨੇ ਕਾਂਗਰਸੀਆਂ ਦੀ ਅਸਲੀਅਤ ਸਾਹਮਣੇ ਲਿਆਂਦੀ ਹੈ। ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਓ. ਐਸ.ਡੀ, ਮੰਤਰੀ ਅਤੇ ਕਾਂਗਰਸੀ ਵਿਧਾਇਕ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਸ਼ਹਿ ਦੇਣ ਵਿਚ ਰੁੱਝੇ ਹੋਏ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਲੱਗੇ ਹੋਏ ਹਨ।
ਆਗੂਆਂ ਨੇ ਕਿਹਾ ਕਿ ਬੀਤੇ ਸਮੇਂ ਮਾਝੇ ਖੇਤਰ ਵਿਚ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਕੈਪਟਨ ਦੀ ਸਰਕਾਰ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ। ਕੈਪਟਨ ਸਰਕਾਰ ਨੂੰ ਲੋਕਾਂ ਦੀਆਂ ਗਈਆਂ ਜਾਨਾਂ ਦੀ ਚਿੰਤਾ ਨਹੀਂ ਹੈ।