ਪੰਜਾਬ ਇੰਚਾਰਜ ਹਰੀਸ਼ ਰਾਵਤ ਦੀ ਤੀਜੀ ਫੇਰੀ ਭਲਕੇ, ਪੰਜਾਬ 'ਚ ਪਾਰਟੀ ਲੀਡਰਾਂ ਨਾਲ ਗੱਲਬਾਤ ਦੀ ਸੰਭਾਵਨਾ
ਪਿਛਲੀ ਫੇਰੀ ਦੌਰਾਨ ਹਰੀਸ਼ ਰਾਵਤ ਨੇ ਜਲੰਧਰ, ਨਕੋਦਰ, ਲੁਧਿਆਣਾ ਤੇ ਹੋਰ ਥਾਵਾਂ 'ਤੇ ਪਾਰਟੀ ਨੇਤਾਵਾਂ ਤੇ ਬਲਾਕ ਪੱਧਰ ਦੇ ਵਰਕਰਾਂ ਦੇ ਵਿਚਾਰ ਸੁਣੇ ਸਨ
ਚੰਡੀਗੜ੍ਹ (ਜੀ.ਸੀ.ਭਾਰਦਵਾਜ): ਦੋ ਮਹੀਨੇ ਪਹਿਲਾਂ ਹਿਮਾਚਲ ਤੋਂ ਸੀਨੀਅਰ ਕਾਂਗਰਸੀ ਨੇਤਾ ਆਸ਼ਾ ਕੁਮਾਰੀ ਨੂੰ ਬਤੌਰ ਪਾਰਟੀ ਇੰਚਾਰਜ ਪੰਜਾਬ ਵਿਚੋਂ ਬਦਲ ਕੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ 5 ਵਾਰ ਐਮ.ਪੀ. ਰਹੇ, ਕਾਂਗਰਸੀ ਨੇਤਾ ਹਰੀਸ਼ ਰਾਵਤ ਨੂੰ ਇਸ ਸਰਹੱਦੀ ਸੂਬੇ ਵਿਚ ਤੈਨਾਤ ਕਰਨ ਉਪਰੰਤ ਅਪਣੇ 2 ਮਹੱਤਵਪੂਰਨ ਗੇੜਿਆਂ ਦੌਰਾਨ ਉਨ੍ਹਾਂ ਪਾਰਟੀ ਵਿਚ ਨਵੀਂ ਰੂਹ ਫੂਕੀ ਹੈ।
ਪਿਛਲੀ ਫੇਰੀ ਦੌਰਾਨ ਹਰੀਸ਼ ਰਾਵਤ ਨੇ ਜਲੰਧਰ, ਨਕੋਦਰ, ਲੁਧਿਆਣਾ ਤੇ ਹੋਰ ਥਾਵਾਂ 'ਤੇ ਪਾਰਟੀ ਨੇਤਾਵਾਂ ਤੇ ਬਲਾਕ ਪੱਧਰ ਦੇ ਵਰਕਰਾਂ ਦੇ ਵਿਚਾਰ ਸੁਣੇ ਸਨ ਅਤੇ ਇਸ ਤੋਂ ਪਹਿਲਾਂ ਰੁੱਸੇ ਹੋਏ ਸਿਰਕੱਢ ਨੇਤਾ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਨੇੜੇ ਲੈ ਆਂਦਾ ਸੀ। ਹਰੀਸ਼ ਰਾਵਤ ਨੇ ਸਿੱਧੂ ਨੂੰ ਮੁੜ ਕਾਂਗਰਸ ਵਜ਼ਾਰਤ ਵਿਚ ਲਿਆਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਜ਼ੀ ਕਰ ਲਿਆ ਸੀ।
ਹਰੀਸ਼ ਰਾਵਤ ਦੀ ਪੰਜਾਬ ਵਿਚ ਤੀਜੀ ਫੇਰੀ, ਪਰਸੋਂ 25 ਨਵੰਬਰ ਤੋਂ ਸ਼ੁਰੂ ਕਰਨ ਦੀ ਸੰਭਾਵਨਾ ਬਣ ਰਹੀ ਹੈ ਜੋ ਘੱਟੋ-ਘੱਟ ਤਿੰਨ ਦਿਨ ਤਕ ਚੱਲੇਗੀ, ਕਾਂਗਰਸ ਹਾਈ ਕਮਾਂਡ ਦੇ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਬਿਹਾਰ ਚੋਣਾਂ ਮਗਰੋਂ ਹਰੀਸ਼ ਰਾਵਤ ਹੁਣ ਪਛਮੀ ਬੰਗਾਲ ਤੇ ਫਿਰ ਪੰਜਾਬ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਵੱਡੇ ਪੈਮਾਨੇ ਉਤੇ ਪ੍ਰਬੰਧ ਉਲੀਕਣ ਦੇ ਪੱਖ ਵਿਚ ਹਨ।
ਉਨ੍ਹਾਂ ਹਰ ਮਹੀਨੇ ਤਿੰਨ-ਤਿੰਨ ਦਿਨਾਂ ਦੇ ਦੋ-ਦੋ ਪ੍ਰੋਗਰਾਮ ਉਲੀਕ ਕੇ ਵਰਕਰਾਂ ਨੂੰ ਲਾਮਬੰਦ ਕਰਨ ਤੇ ਰੁੱਸੇ ਤੇ ਨਰਾਜ਼ ਨੇਤਾਵਾਂ ਨੂੰ ਪੁਚਕਾਰ ਕੇ ਤੇ ਪਲੋਸ ਕੇ ਹੱਲਾਸ਼ੇਰੀ ਦੇਣ ਦਾ ਪ੍ਰੋਗਰਾਮ ਬਣਾਇਆ ਹੈ। ਅਪਣੀ ਫੇਰੀ ਦੌਰਾਨ ਹਰੀਸ਼ ਰਾਵਤ ਸਰਕਾਰੀ ਪੰਜਾਬ ਭਵਨ ਸੈਕਟਰ ਤਿੰਨ ਵਿਚ ਠਹਿਰ ਕੇ ਕਾਂਗਰਸੀ ਮੁਲਾਕਾਤੀਆਂ ਨਾਲ ਖੁਲ੍ਹ ਕੇ ਗੱਲ ਕਰਦੇ ਹਨ ਅਤੇ ਦੁਖੜੇ ਫਰੋਲਣ ਵਾਲਿਆਂ ਨੂੰ ਭਰੋਸਾ ਵੀ ਦਿੰਦੇ ਹਨ।
ਜ਼ਿਕਰਯੋਗ ਹੈ ਅਪਣੀ ਪਹਿਲੀ ਫੇਰੀ ਅਕਤੂਬਰ ਮਹੀਨੇ ਦੌਰਾਨ, ਹਰੀਸ਼ ਰਾਵਤ, ਅੰਮ੍ਰਿਤਸਰ ਵਿਚ ਨਵਜੋਤ ਸਿੱਧੂ ਨੂੰ ਉਨ੍ਹਾਂ ਦੀ ਰਿਹਾਇਸ਼ ਉਤੇ ਮਿਲੇ ਸਨ ਮਗਰੋਂ ਦੂਜੇ ਗੇੜੇ ਸਿੱਧੂ ਖ਼ੁਦ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸਨ ਅਤੇ ਨੇੜਲੇ ਸੂਤਰਾਂ ਅਨੁਸਾਰ ਵਜ਼ਾਰਤ ਵਿਚ ਵਾਪਸੀ ਲਈ ਮੰਨ ਗਏ ਸਨ ਭਾਵੇਂ ਅਹੁਦਾ ਡਿਪਟੀ ਮੁੱਖ ਮੰਤਰੀ ਜਾਂ ਮਹਿਕਮਾ ਲੋਕਲ ਬਾਡੀਜ਼ ਦਾ ਮਨ੍ਹਾ ਕਰ ਦਿਤਾ ਗਿਆ ਸੀ।
ਹੁਣ ਬੁਧਵਾਰ ਜਾਂ ਵੀਰਵਾਰ ਤੋਂ ਤੀਜੀ ਫੇਰੀ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਅਤੇ ਪੰਜਾਬ ਮਾਮਲਿਆਂ ਦੇ ਇੰਨਚਾਰਜ ਹਰੀਸ਼ ਰਾਵਤ ਫਿਰ ਮੁੱਖ ਮੰਤਰੀ ਨਾਲ ਕਰਨ ਵਾਲੀ ਮੁਲਾਕਾਤ ਦੌਰਾਨ ਨਵਜੋਤ ਸਿੱਧੂ ਦਾ ਬਣਦਾ ਮਾਣ ਸੰਨਮਾਨ ਦੁਆਣ ਲਈ ਜ਼ੋਰ ਪਾਉਣਗੇ। ਜੁਲਾਈ 2019 ਤੋਂ ਬਤੌਰ ਬਿਜਲੀ ਮੰਤਰੀ ਤੋਂ ਅਸਤੀਫ਼ਾ ਦੇਣ ਉਪਰੰਤ 15-16 ਮਹੀਨਿਆਂ ਤੋਂ ਚੁੱਪ ਬੈਠੇ ਤੇ ਗੁੱਸੇ ਨਾਲ ਸੁਲਗ ਰਹੇ, ਨੌਜਵਾਨ ਨੇਤਾ ਸਿੱਧੂ ਨੇ ਤਿੰਨ ਵਾਰ ਅੰਮ੍ਰਿਤਸਰ ਐਮ.ਪੀ. ਰਹਿ ਕੇ ਬੀ.ਜੇ.ਪੀ. ਨੂੰ ਛੱਡ ਕੇ 2017 ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਪੱਲਾ ਫੜਿਆ ਸੀ ਅਤੇ ਦੋ ਸਾਲ ਬਾਅਦ ਹੀ ਮੁੱਖ ਮੰਤਰੀ ਨੂੰ ਅੱਖਾਂ ਦਿਖਾਣ ਦਾ ਖੱਟਾ ਸੁਆਦ ਚੱਖ ਲਿਆ ਸੀ।
ਇਥੇ ਇਹ ਵੀ ਦਸਣਾ ਬਣਦਾ ਹੈ ਕਿ ਸੱਤਾਧਾਰੀ ਕਾਂਗਰਸ ਵਿਚ ਨੇਤਾਵਾਂ ਦਾ ਇਕ ਮਜਬੂਤ ਗਰੁੱਪ ਐਸ ਵੀ ਹੈ ਜੋ ਹਰੀਸ਼ ਰਾਵਤ ਵਲੋਂ ਨਵਜੋਤ ਸਿੱਧੂ ਦੇ ਹੱਕ ਵਿਚ ਚੁੱਕੇ ਕਦਮ ਦੀ ਮੁਖਾਲਫ਼ਤ ਕਰਦਾ ਹੈ। ਇਸ ਗਰੁੱਖ ਦੀ ਪੱਕੀ ਰਾਇ ਇਹ ਹੈ ਕਿ ਸਿੱਧੂ ਕੋਈ ਸੁਲਝਿਆ ਸਿਆਸੀ ਨੇਤਾ ਨਹੀਂ ਹੈ, ਇਸ ਦੀ ਮੁੱਖ ਮੰਤਰੀ ਦੀ ਕੁਰਸੀ ਉਤੇ ਅੱਖ ਰੱਖਣ ਨਾਲ, ਪੰਜਾਬ ਕਾਂਗਰਸ ਵਿਚ ਫੁੱਟ ਪੈ ਜਾਵੇਗੀ ਅਤੇ ਵਿਧਾਨ ਸਭਾ ਚੋਮਾਂ ਤੋਂ ਪਹਿਲਾਂ ਹੀ ਸਿੱਧੂ ਦੇ ਵਿਰੋਧੀ ਬੀ.ਜੇ.ਪੀ. ਜਾਂ ਅਕਾਲੀ ਦਲ ਵਿਚ ਜਾ ਰਲਣਗੇ।