ਸਿਮਰਜੀਤ ਬੈਂਸ ਨੇ ਪੁਲਿਸ ਨੂੰ ਦਰਜ ਕਰਵਾਏ ਆਪਣੇ ਬਿਆਨ, ਲੱਗੇ ਇਲਜ਼ਾਮਾਂ ਨੂੰ ਨਕਾਰਿਆਂ 

ਏਜੰਸੀ

ਖ਼ਬਰਾਂ, ਪੰਜਾਬ

ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਜਲਦ ਸਾਰੇ ਇਲਜਾਮਾਂ ਤੋਂ ਬਰੀ ਹੋਣਗੇ।

Simarjit Singh Bians

ਲੁਧਿਆਣਾ - ਲੁਧਿਆਣਾ ਬਲਾਤਕਾਰ ਅਤੇ ਸ਼ਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਵਿਚ ਘਿਰੇ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਆਪਣੇ ਬਿਆਨ ਦਰਜ ਕਰਵਾਉਣ ਲਈ ਲੁਧਿਆਣਾ ਪੁਲਿਸ ਅੱਗੇ ਪੇਸ਼ ਹੋਏ ਹਨ ਤੇ ਪੁਲਿਸ ਨੂੰ ਆਪਣੇ ਬਿਆਨ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿਮਰਜੀਤ ਬੈਂਸ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਅੱਜ ਜੋ ਅਕਾਲੀ ਦਲ ਅਤੇ ਭਾਜਪਾ ਉਹਨਾਂ ਦੇ ਖ਼ਿਲਾਫ਼ ਧਰਨੇ ਲਗਾ ਰਹੇ ਹਨ ਉਸ ਤੋਂ ਸਾਫ ਹੈ ਕਿ ਇਹ ਪੂਰੀ ਸਾਜ਼ਿਸ਼ ਉਹਨਾਂ ਵੱਲੋਂ ਹੀ ਘੜੀ ਗਈ ਹੈ ਬੈਂਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਉਹ ਨਹੀਂ ਕਰ ਸਕਦੇ।

ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਨਿਰਦੋਸ਼ ਹਨ ਅਤੇ ਅਜਿਹੇ ਇਲਜ਼ਾਮ ਅਤੇ ਝੂਠੇ ਕੇਸ ਪਹਿਲਾਂ ਵੀ ਉਹਨਾਂ ਉੱਪਰ ਲੱਗਦੇ ਰਹੇ ਹਨ ਪਰ ਉਹਨਾਂ ਵਿਚ ਸਾਰੇ ਮਾਮਲਿਆਂ 'ਚ ਅਦਾਲਤ ਨੇ ਉਹਨਾਂ ਨੂੰ ਬਰੀ ਕੀਤਾ ਹੈ। ਬੈਂਸ ਨੇ ਕਿਹਾ ਕਿ ਉਹਨਾਂ ਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ, ਅਦਾਲਤ ਉਨ੍ਹਾਂ ਨੂੰ ਬਰੀ ਕਰੇਗੀ ਅਤੇ ਇਸ ਪਿੱਛੇ ਜੋ ਵੀ ਪਾਰਟੀਆਂ ਸ਼ਾਮਲ ਹਨ ਉਹ ਬੇ-ਨਕਾਬ ਹੋਣਗੀਆਂ।

ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਪਾਣੀ ਬਚਾਓ ਯਾਤਰਾ ਨੂੰ ਪ੍ਰਭਾਵਿਤ ਕਰਨ ਲਈ ਇਹ ਸਾਰੇ ਇਲਜ਼ਾਮ ਉਹਨਾਂ ਤੇ ਲਗਾਏ ਗਏ ਹਨ ਅਤੇ ਇਹ ਸਭ ਵਿਰੋਧੀ ਪਾਰਟੀਆਂ ਦੀ ਹੀ ਸਾਜ਼ਿਸ਼ ਹੈ ਅਤੇ ਇਸੇ ਕਰ ਕੇ ਅੱਜ ਉਹ ਸੜਕਾਂ ਤੇ ਧਰਨੇ ਲਾ ਰਹੇ ਹਨ। ਆਪਣੇ ਨਾਲ ਹੋਈ ਚੈਟ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਸਿਰਫ ਮੀਡੀਆ ਅੱਗੇ ਇੱਕ ਸਬੂਤ ਵਿਖਾਉਣ ਲਈ ਡਰਾਮਾ ਰਚਿਆ ਗਿਆ ਹੈ ਕਿਉਂਕਿ ਇਸ ਵਿਚ ਸੁਨੇਹੇ ਡਿਲੀਟ ਕੀਤੇ ਗਏ ਹਨ ਅਤੇ ਸਿਰਫ਼ ਉਹੀ ਮੈਸੇਜ ਰੱਖੇ ਗਏ ਹਨ ਜਿਸ ਨਾਲ ਉਹਨਾਂ ਤੇ ਇਲਜ਼ਾਮ ਲਗਾਏ ਜਾ ਸਕਣ। ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਜਲਦ ਸਾਰੇ ਇਲਜਾਮਾਂ ਤੋਂ ਬਰੀ ਹੋਣਗੇ।