ਕੈਪਟਨ ਨੇ ਸੂਬੇ ਨੂੰ ਬਰਬਾਦ ਕਰਨ ਲਈ ਅਕਾਲੀਆਂ ਅਤੇ ਭਾਜਪਾ ਨਾਲ ਮਿਲੀਭੁਗਤ ਕੀਤੀ : ਚੰਨੀ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਨੇ ਸੂਬੇ ਨੂੰ ਬਰਬਾਦ ਕਰਨ ਲਈ ਅਕਾਲੀਆਂ ਅਤੇ ਭਾਜਪਾ ਨਾਲ ਮਿਲੀਭੁਗਤ ਕੀਤੀ : ਚੰਨੀ

image

ਬਸਪਾ ਨੂੰ ਕਮਜ਼ੋਰ ਸੀਟਾਂ ਦੇ ਕੇ ਬੀਜੇਪੀ ਨੂੰ ਫ਼ਾਇਦਾ ਪਹੁੰਚਾਉਣ ਲਈ ਅਕਾਲੀਆਂ ਦੀ ਕੀਤੀ ਨਿੰਦਾ

ਨਵਾਂਸ਼ਹਿਰ/ਬੰਗਾ, 23 ਨਵੰਬਰ (ਦੀਦਾਰ ਸਿੰਘ ਸ਼ੇਤਰਾ, ਪ੍ਰਭਜੋਤ ਸਿੰਘ ਬੰਗਾ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਅਕਾਲੀਆਂ ਅਤੇ ਭਾਜਪਾ ਨਾਲ ਮਿਲੀਭੁਗਤ ਕਰਨ ਦੀ ਸਖ਼ਤ ਆਲੋਚਨਾ ਕੀਤੀ। ਬੰਗਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਅਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਹਿਤਾਂ ਨੂੰ ਖ਼ਤਰੇ ਵਿਚ ਪਾ ਕੇ ਬਾਦਲ ਪ੍ਰਵਾਰ ਅਤੇ ਮੋਦੀ ਦੇ ਹਿਤਾਂ ਦੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਕਾਂਗਰਸੀ ਵਿਧਾਇਕਾਂ ਨੇ ਇਕਜੁਟ ਹੋ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦਿਤਾ ਹੈ। 
ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ ਨਵੀਂ ਪਾਰਟੀ ਦਾ ਮੰਤਵ ਵੀ ਅਕਾਲੀਆਂ ਅਤੇ ਭਾਜਪਾ ਨੂੰ ਫ਼ਾਇਦਾ ਪਹੁੰਚਾਉਣਾ ਅਤੇ ਸੂਬੇ ਨੂੰ ਬਰਬਾਦ ਕਰਨਾ ਹੈ। ਅਕਾਲੀਆਂ ’ਤੇ ਅਨੁਸੂਚਿਤ ਜਾਤੀਆਂ ਦੇ ਹਿਤਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦਾ ਬਸਪਾ ਨਾਲ ਨਾਪਾਕ ਗਠਜੋੜ ਹੈ ਅਤੇ ਉਨ੍ਹਾਂ ਨੂੰ ਜਾਣਬੁੱਝ ਕੇ ਕਮਜ਼ੋਰ ਸੀਟਾਂ ਅਲਾਟ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੀਟਾਂ ’ਤੇ ਜਿੱਤ ਨਾਲ ਅਕਾਲੀ ਭਾਜਪਾ ਨੂੰ ਲਾਭ ਪਹੁੰਚਾਉਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਗਠਜੋੜ ਦਾ ਮੁੱਖ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਐਸ.ਸੀ. ਭਾਈਚਾਰੇ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਇਆ ਜਾਵੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲ ਨਿਸ਼ਾਨਾ 
ਸਾਧਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅਫ਼ਵਾਹਾਂ ਫੈਲਾਉਣ ਵਾਲਾ ਦਸਿਆ ਜਿਸ ਨੂੰ ਸੂਬੇ ਦੇ ਹਿਤਾਂ ਦੀ ਬਿਲਕੁਲ ਵੀ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਰਫ਼ ਖੋਖਲੇ ਵਾਅਦੇ ਕਰ ਰਿਹਾ ਹੈ ਜਦਕਿ ਉਨ੍ਹਾਂ (ਚੰਨੀ) ਦੀ ਸਰਕਾਰ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਪ੍ਰਦਾਨ ਕਰ ਰਹੀ ਹੈ। 
ਚੰਨੀ ਨੇ ਲੋਕਾਂ ਨੂੰ ਕੇਜਰੀਵਾਲ ਐਂਡ ਕੰਪਨੀ ਦੇ ਵੱਡੇ-ਵੱਡੇ ਦਾਅਵਿਆਂ ਤੋਂ ਗੁਮਰਾਹ ਹੋਣ ਤੋਂ ਬਚਣ ਲਈ ਕਿਹਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਾਰਟੀ ਪੱਧਰ ਤੋਂ ਬਾਹਰ ਜਾ ਕੇ ਕੱੁਝ ਸਿਆਸਤਦਾਨਾਂ ਵਲੋਂ ਕੀਤੇ ਨਾਪਾਕ ਗਠਜੋੜ ਨੇ ਪੰਜਾਬ ਨੂੰ ਲੁੱਟਣ ਲਈ ਆਮ ਆਦਮੀ ਤੋਂ ਸੱਤਾ ਖੋਹ ਲਈ ਹੈ। ਉਨ੍ਹਾਂ ਕਿਹਾ ਕਿ ਇਸ ਗਰੁਪ ਦੇ ਮੈਂਬਰਾਂ ਦਾ ਅਪਣੇ ਨਿੱਜ ਸਵਾਰਥਾਂ ਲਈ ਸੂਬੇ ਨੂੰ ਲੁੱਟਣ ਦੇ ਰੂਪ ਵਿਚ ਆਪਸੀ ਸਬੰਧ ਹੈ। ਅਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਤਰੱਕੀ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸੂਬੇ ਅਤੇ ਇਥੋਂ ਦੇ ਲੋਕਾਂ ਦੀ ਵਿਸ਼ੇਸ਼ ਚਿੰਤਾ ਹੈ। ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਚੰਨੀ ਨੂੰ ਅਸਲ ‘ਆਮ ਆਦਮੀ’ ਦਸਿਆ ਜੋ ਲੋਕਾਂ ਲਈ ਹਮੇਸ਼ਾ ਹਾਜ਼ਰ ਰਹਿੰਦਾ ਹੈ ਅਤੇ ਲੋਕਾਂ ਦੀ ਚਿੰਤਾ ਕਰਦਾ ਹੈ। 
ਤਸਵੀਰ 23 ਨਵੰਬਰ 08