ਪੰਜਾਬ ਦੇ ਨਵੋਦਿਆ ਸਕੂਲ 'ਚ ਕੋਰੋਨਾ ਦਾ ਧਮਾਕਾ, 13 ਵਿਦਿਆਰਥੀਆਂ ਸਮੇਤ 23 ਦੀ ਰਿਪੋਰਟ ਪਾਜ਼ੇਟਿਵ

ਏਜੰਸੀ

ਖ਼ਬਰਾਂ, ਪੰਜਾਬ

ਮਰੀਜ਼ ਮਿਲਣ ਤੋਂ ਬਾਅਦ ਸਕੂਲ ਅਤੇ ਨੇੜਲੇ ਇਲਾਕੇ ਨੂੰ ਕੋਵਿਡ ਕੰਟੇਨਮੈਂਟ ਜ਼ੋਨ ਵਿਚ ਤਬਦੀਲ ਕਰ ਦਿਤਾ ਗਿਆ ਹੈ

Coronavirus (File photo)

ਬਠਿੰਡਾ : ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਜਵਾਹਰ ਨਵੋਦਿਆ ਵਿਦਿਆਲਿਆ ਵਿਚ 13 ਵਿਦਿਆਰਥੀਆਂ ਸਮੇਤ ਕੁੱਲ 23 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ ਮਿਲਣ ਤੋਂ ਬਾਅਦ ਸਕੂਲ ਅਤੇ ਨੇੜਲੇ ਇਲਾਕੇ ਨੂੰ ਕੋਵਿਡ ਕੰਟੇਨਮੈਂਟ ਜ਼ੋਨ ਵਿਚ ਤਬਦੀਲ ਕਰ ਦਿਤਾ ਗਿਆ ਹੈ ਤਾਂ ਜੋ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਮੁਕਤਸਰ ਦੇ ਸਿਵਲ ਸਰਜਨ ਰੰਜੂ ਸਿੰਗਲਾ ਨੇ ਦੱਸਿਆ ਕਿ ਪਿਛਲੇ ਹਫਤੇ ਇੱਕ ਵਿਦਿਆਰਥੀ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਸੀ। ਇਸ ਤੋਂ ਬਾਅਦ ਹੋਰ ਵਿਦਿਆਰਥੀਆਂ ਦਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਵਿਚ 13 ਹੋਰ ਵਿਦਿਆਰਥੀ ਸੰਕਰਮਿਤ ਪਾਏ ਗਏ ਹਨ। ਇਸ ਤੋਂ ਇਲਾਵਾ 10 ਹੋਰ ਲੋਕ ਕੋਰੋਨਾ ਪਾਜ਼ੀਟਿਵ ਹਨ। 

ਹੁਣ ਤੱਕ, ਕੁੱਲ 14 ਪੀੜਤ ਵਿਦਿਆਰਥੀਆਂ ਵਿਚੋਂ 12 ਲੜਕੀਆਂ ਹਨ। ਇਨ੍ਹਾਂ ਸਾਰਿਆਂ ਨੂੰ ਸਕੂਲ ਦੇ ਹੋਸਟਲ ਵਿਚ ਹੀ ਅਲੱਗ ਰੱਖਿਆ ਗਿਆ ਹੈ ਅਤੇ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਸਿਹਤ ਟੀਮ ਵਲੋਂ ਕੁੱਲ 400 ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ ਇਹ ਲੋਕ ਸੰਕਰਮਿਤ ਪਾਏ ਗਏ ਹਨ। ਦੇਸ਼ ਭਰ 'ਚ ਸਕੂਲ ਅਤੇ ਕਾਲਜ ਖੁੱਲ੍ਹਣ ਤੋਂ ਬਾਅਦ ਕੁਝ ਥਾਵਾਂ 'ਤੇ ਕੋਰੋਨਾ ਧਮਾਕੇ ਦੀ ਸਥਿਤੀ ਦੇਖਣ ਨੂੰ ਮਿਲੀ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹੀ ਜੈਪੁਰ ਦੇ ਇਕ ਸਕੂਲ ਵਿਚ ਵੀ 11 ਵਿਦਿਆਰਥੀ ਕੋਰੋਨਾ ਸੰਕਰਮਿਤ ਪਾਏ ਗਏ। ਬਠਿੰਡਾ ਦੇ ਮੁੱਖ ਮੈਡੀਕਲ ਅਫਸਰ ਡਾ.ਟੀ.ਐਸ.ਢਿੱਲੋਂ ਨੇ ਦੱਸਿਆ ਕਿ ਰਾਮਪੁਰਾ ਫੂਲ ਮੁਹੱਲਾ ਦੇ 5 ਵਿਅਕਤੀ ਕਰੋਨਾ ਸੰਕਰਮਿਤ ਪਾਏ ਗਏ ਹਨ। ਇਹ ਲੋਕ ਕਿਤੇ ਯਾਤਰਾ ਕਰਕੇ ਵਾਪਸ ਆਏ ਸਨ।

ਢਿੱਲੋਂ ਨੇ ਦੱਸਿਆ ਕਿ ਪਰਿਵਾਰ ਨੇ ਹਾਲ ਹੀ ਵਿਚ ਕੁਝ ਥਾਵਾਂ ਦੀ ਯਾਤਰਾ ਕੀਤੀ ਸੀ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿੱਥੇ ਸੰਕਰਮਿਤ ਹੋਏ ਹਨ। ਅਸੀਂ ਮਰੀਜ਼ਾਂ ਨੂੰ ਘਰ ਵਿਚ ਇਕੱਲਤਾ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਇਸ ਸਮੇਂ ਬਠਿੰਡਾ ਜ਼ਿਲ੍ਹੇ ਵਿਚ ਕਰੋਨਾ ਦੇ 20 ਐਕਟਿਵ ਕੇਸ ਹਨ।

ਇਸ ਤੋਂ ਇਲਾਵਾ ਮੰਗਲਵਾਰ ਨੂੰ ਇਕ ਮਰੀਜ਼ ਦੀ ਵੀ ਮੌਤ ਹੋ ਗਈ। ਇਸ ਦੌਰਾਨ ਫਰੀਦਕੋਟ ਜ਼ਿਲ੍ਹੇ ਵਿਚ ਵੀ 4 ਵਿਅਕਤੀ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਵਿਚ ਇੱਕ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਦੇਸ਼ ਭਰ 'ਚ ਕੋਰੋਨਾ ਸੰਕ੍ਰਮਣ ਦੇ ਕੁੱਲ 9 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸਰਗਰਮ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਘਟ ਕੇ ਸਿਰਫ 1 ਲੱਖ 11 ਹਜ਼ਾਰ ਰਹਿ ਗਈ ਹੈ।