ਖੇਤੀ ਕਾਨੂੰਨਾਂ ’ਤੇ ਰਿਪੋਰਟ ਨੂੰ ਜਨਤਕ ਕਰਨ ਲਈ ਘਨਵਟ ਨੇ ਪ੍ਰਧਾਨ ਜੱਜ ਨੂੰ ਲਿਖੀ ਚਿੱਠੀ

ਏਜੰਸੀ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨਾਂ ’ਤੇ ਰਿਪੋਰਟ ਨੂੰ ਜਨਤਕ ਕਰਨ ਲਈ ਘਨਵਟ ਨੇ ਪ੍ਰਧਾਨ ਜੱਜ ਨੂੰ ਲਿਖੀ ਚਿੱਠੀ

image

ਨਵੀਂ ਦਿੱਲੀ, 23 ਨਵੰਬਰ : ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵਲੋਂ ਨਿਯੁਕਤ ਕਮੇਟੀ ਦੇ ਮੈਂਬਰਾਂ ਵਿਚੋਂ ਇਕ ਅਨਿਲ ਘਨਵਟ ਨੇ ਮੰਗਲਵਾਰ ਨੂੰ ਪ੍ਰਧਾਨ ਜੱਜ ਨੂੰ ਇਕ ਚਿੱਠੀ ਲਿਖ ਕੇ ਤਿੰਨ ਖੇਤੀ ਕਾਨੂੰਨਾਂ ’ਤੇ ਰਿਪੋਰਟ ਨੂੰ ਜਲਦੀ ਤੋਂ ਜਲਦੀ ਜਨਤਕ ਕਰਨ ’ਤੇ ਵਿਚਾਰ ਕਰਨ ਜਾਂ ਕਮੇਟੀ ਨੂੰ ਅਜਿਹਾ ਕਰਨ ਲਈ ਅਧਿਕਾਰ ਦੇਣ ਦੀ ਬੇਨਤੀ ਕੀਤੀ। ਸ਼ੇਤਕਰੀ ਸੰਗਠਨ ਦੇ ਸੀਨੀਅਰ ਆਗੂ ਘਣਵਟ ਨੇ ਕਿਹਾ ਕਿ ਉਹ ਅਗਲੇ ਕੁੱਝ ਮਹੀਨਿਆਂ ਵਿਚ ਇਕ ਲੱਖ ਕਿਸਾਨਾਂ ਨੂੰ ਲਾਮਬੰਦ ਕਰਨਗੇ ਅਤੇ ਖੇਤੀ ਸੁਧਾਰ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਦਿੱਲੀ ਲਿਆਉਣਗੇ। ਪ੍ਰਧਾਨ ਜੱਜ ਨੂੰ 23 ਨਵੰਬਰ ਨੂੰ ਲਿਖੀ ਚਿੱਠੀ ਵਿਚ ਘਣਵਟ ਨੇ ਕਿਹਾ ਕਿ ਸੰਸਦ ਦੇ ਆਗਾਮੀ ਸਰਦ ਰੁਤ ਸੈਸ਼ਨ ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਕਮੇਟੀ ਦੀ ਰਿਪੋਰਟ ‘ਹੁਣ ਅਹਿਮੀਅਤ ਨਹੀਂ ਰਖਦੀ’ ਪਰ ਸਿਫ਼ਾਰਸ਼ਾਂ ਵਿਆਪਕ ਜਨਹਿਤ ਵਾਲੀਆਂ ਹਨ। ਤਿੰਨ ਮੈਂਬਰੀ ਕਮੇਟੀ ਨੇ 19 ਮਾਰਚ ਨੂੰ ਸਿਖਰਲੀ ਅਦਾਲਤ ਨੂੂੰ ਰਿਪੋਰਟ ਸੌਂਪ ਦਿਤੀ ਸੀ, ਪਰ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ।      (ਪੀਟੀਆਈ)