ਕੱਚੇ ਅਧਿਆਪਕਾਂ ਦਾ ਪ੍ਰਗਟ ਸਿੰਘ ਦੇ ਪ੍ਰੋਗਰਾਮ ’ਚ ਧਾਵਾ, ਮੰਚ ’ਤੇ ਚੜ੍ਹ ਕੇ ਕੀਤੀ ਨਾਹਰੇਬਾਜ਼ੀ

ਏਜੰਸੀ

ਖ਼ਬਰਾਂ, ਪੰਜਾਬ

ਕੱਚੇ ਅਧਿਆਪਕਾਂ ਦਾ ਪ੍ਰਗਟ ਸਿੰਘ ਦੇ ਪ੍ਰੋਗਰਾਮ ’ਚ ਧਾਵਾ, ਮੰਚ ’ਤੇ ਚੜ੍ਹ ਕੇ ਕੀਤੀ ਨਾਹਰੇਬਾਜ਼ੀ

image

ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਮਿਲਣ ’ਤੇ ਸ਼ਾਂਤ ਹੋਏ ਪ੍ਰਦਰਸ਼ਨਕਾਰੀ

ਚੰਡੀਗੜ੍ਹ, 23 ਨਵੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਕੱਚੇ ਅਧਿਆਪਕਾਂ ਨੇ ਅੱਜ ਇਥੇ ਸਿਖਿਆ ਮੰਤਰੀ ਪ੍ਰਗਟ ਸਿੰਘ ਦੇ ਪ੍ਰੋਗਰਾਮ ’ਚ ਧਾਵਾ ਬੋਲ ਦਿਤੇ ਅਤੇ ਮੰਚ ਉਪਰ ਚੜ੍ਹ ਕੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਪਰ ਜ਼ਿਕਰਯੋਗ ਗੱਲ ਇਹ ਹੈ ਕਿ ਪ੍ਰਗਟ ਸਿੰਘ ਪ੍ਰੋਗਰਾਮ ’ਚ ਅਪਣਾ ਭਾਸ਼ਣ ਖ਼ਤਮ ਕਰ ਕੇ ਪ੍ਰਦਰਸ਼ਨਕਾਰੀਆਂ ਦੇ ਪਹੁੰਚਣ ਤੋਂ 5 ਮਿੰਟ  ਪਹਿਲਾਂ ਚਲੇ ਗੲੈ ਸਨ ਪਰ ਵਿਭਾਗ ਦੇ ਹੋਰ ਉੱਚ ਅਧਿਕਾਰੀ ਮੌਜੂਦ ਸਨ। 
ਅਧਿਆਪਕਾਂ ਦੇ ਇਸ ਹੰਗਾਮੇ ਕਾਰਨ ਪ੍ਰੋਗਰਾਮ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਅਧਿਕਾਰੀਆਂ ਨੂੰ ਖ਼ਤਮ ਕਰਨਾ ਪਿਆ। ਇਹ ਰੋਸ ਪ੍ਰਦਰਸ਼ਨ ਕੱਚੇ ਅਧਿਆਪਕਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਅਧਿਆਪਕਾਂ ਨੇ ਹੀ ਬੀਤੀ ਸ਼ਾਮ ਚੰਡੀਗੜ੍ਹ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਸਾਹਮਣੇ ਪਹੁੰਚ ਕੇ ਵੀ ਰੋਸ ਮੁਜ਼ਾਹਰਾ ਕੀਤਾ ਸੀ ਪਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਲਿਆ ਸੀ ਤੇ ਦੇਰ ਰਾਤ ਇਨ੍ਹਾਂ ਨੂੰ ਰਿਹਾਅ ਕੀਤਾ ਗਿਆ। ਕੱਚੇ ਅਧਿਆਪਕਾਂ ਦੀ ਕਮੇਟੀ ਦੇ ਇਕ ਬੁਲਾਰੇ ਨਿਸ਼ਾਂਤ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਵੱਖ-ਵੱਖ ਵਰਗਾਂ ਦੇ 13 ਹਜ਼ਾਰ ਅਧਿਆਪਕਾਂ ਨੂੰ ਪੱਕੇ ਕਰਨ ਦੀ ਹੈ, ਜਿਸ ਬਾਰੇ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਦਕਿ ਸਿਖਿਆ ਮੰਤਰੀ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਦਸਿਆ ਕਿ ਅੱਜ ਦੇ ਰੋਸ ਪ੍ਰਦਰਸ਼ਨ ਬਾਅਦ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ 24 ਨਵੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਹੈ। ਉਨ੍ਹਾਂ ਦਸਿਆ ਕਿ ਜੇ ਇਸ ਮੀਟਿੰਗ ’ਚ ਹੱਲ ਨਾ ਹੋਇਆ ਤਾਂ ਸਿਖਿਆ ਮੰਤਰੀ ਦੇ ਹਰ ਪ੍ਰੋਗਰਾਮ ’ਚ ਅਜਿਹੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ ਮੁੱਖ ਮੰਤਰੀ ਦੇ ਪ੍ਰੋਗਰਾਮਾਂ ਦੇ ਵਿਰੋਧ ਦਾ ਵੀ ਫ਼ੈਸਲਾ ਲਿਆ ਜਾਵੇਗਾ।