ਸਿੱਧੂ ਦੀ ਹਿੰਮਤ ਬਾਕਮਾਲ ਪਰ ਕਾਂਗਰਸ ਨਵਜੋਤ ਸਿੱਧੂ ਨੂੰ ਦਬਾਉਣ ’ਤੇ ਲੱਗੀ : ਕੇਜਰੀਵਾਲ

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਦੀ ਹਿੰਮਤ ਬਾਕਮਾਲ ਪਰ ਕਾਂਗਰਸ ਨਵਜੋਤ ਸਿੱਧੂ ਨੂੰ ਦਬਾਉਣ ’ਤੇ ਲੱਗੀ : ਕੇਜਰੀਵਾਲ

image

ਸਾਡੇ ਸੰਪਰਕ ਵਿਚ ਕਾਂਗਰਸ ਦੇ 25 ਵਿਧਾਇਕ ਅਤੇ 2 ਸੰਸਦ ਮੈਂਬਰ
 

ਅੰਮ੍ਰਿਤਸਰ, 23 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਉਪਰੰਤ ਇਸ ਗੱਲ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਕਿ ਪੰਜਾਬ ਦਾ ਖ਼ਜ਼ਾਨਾ ਕਿਸ ਨੇ ਅਤੇ ਕਿਵੇਂ ਖ਼ਾਲੀ ਕੀਤਾ? ਖ਼ਜ਼ਾਨੇ ਦੀ ਇਸ ਅੰਨ੍ਹੀ ਲੁੱਟ ਵਿਚ ਸ਼ਾਮਲ ਰਸੂਖ਼ਵਾਨਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਨਵਜੋਤ ਸਿੰਘ ਸਿੱਧੂ ਬਾਰੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ,‘‘ਸਿੱਧੂ ਦੀ ਹਿੰਮਤ ਦੀ ਦਾਦ ਦੇਣੀ ਪਵੇਗੀ। ਜਦੋਂ ਨਾਲ ਬੈਠ ਕੇ ਮੁੱਖ ਮੰਤਰੀ ਚੰਨੀ ਰੇਤਾ ਅਤੇ ਬਿਜਲੀ ਸਸਤੀ ਕਰਨ ਦੇ ਦਾਅਵੇ ਕਰ ਰਹੇ ਸੀ ਤਾਂ ਸਿੱਧੂ ਨੇ ਤੁਰਤ ਕਿਹਾ ਕਿ ਚੰਨੀ ਝੂਠ ਬੋਲ ਰਹੇ ਹਨ। ਸਿੱਧੂ ਜਨਤਾ ਦੇ ਮੁੱਦੇ ਉਠਾ ਰਹੇ ਹਨ ਪਰ ਸਾਰੀ ਕਾਂਗਰਸ ਸਿੱਧੂ ਨੂੰ ਦਬਾਉਣ ਵਿਚ ਲੱਗੀ ਹੋਈ ਹੈ। ਕੈਪਟਨ ਵਾਂਗ ਹੁਣ ਚੰਨੀ ਸਾਹਿਬ ਵੀ ਸਿੱਧੂ ਦੇ ਪਿੱਛੇ ਪੈ ਗਏ ਹਨ।’’ ਮੁੱਖ ਮੰਤਰੀ ਦੇ ਚਿਹਰੇ ਦੀ ਘੋਸ਼ਣਾ ਬਾਰੇ ਅਰਵਿੰਦ ਕੇਜਰੀਵਾਲ ਨੇ ਦਸਿਆ,‘‘ਕੋਈ ਵੀ ਪਾਰਟੀ ਜੇਕਰ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਦਿੰਦੀ ਹੈ ਤਾਂ ਉਸ ਉਪਰੰਤ ਚੋਣ ਪ੍ਰਚਾਰ ਉਪਰ ਹੀ ਜਾਂਦਾ ਹੈ। 

ਇਸ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਚੋਣ ਜ਼ਾਬਤਾ ਲੱਗਣ ਦੇ ਨੇੜੇ-ਤੇੜੇ ਕੀਤਾ ਜਾਂਦਾ ਹੈ। ਅਸੀਂ ਵੀ ਚੋਣ ਜ਼ਾਬਤੇ ਦੇ ਨੇੜੇ-ਤੇੜੇ ਚਿਹਰਾ ਐਲਾਨ ਦਿਆਂਗੇ, ਪਰੰਤੂ ਐਨਾ ਜ਼ਰੂਰ ਸਪਸ਼ਟ ਕਰਦਾ ਹਾਂ ਕਿ ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਅਰਵਿੰਦ ਕੇਜਰੀਵਾਲ ਨਹੀਂ ਹੋਵੇਗਾ।’’ ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵਿਅਕਤੀ ਜਾਂ ਵਿਧਾਇਕ ਨੂੰ ਪਾਰਟੀ ਟਿਕਟ ਨਹੀਂ ਮਿਲਦੀ ਤਾਂ ਉਹ ਨਾਰਾਜ਼ ਹੁੰਦਾ ਹੈ। ਕੋਈ ਮੰਨ ਵੀ ਜਾਂਦਾ ਹੈ ਅਤੇ ਕੋਈ ਦੂਸਰੀ ਪਾਰਟੀ ਵਿਚ ਚਲਾ ਜਾਂਦਾ ਹੈ। ਅੱਜ ਕਾਂਗਰਸ ਪਾਰਟੀ ਦੇ 25 ਵਿਧਾਇਕ ਅਤੇ 2 ਸੰਸਦ ਮੈਂਬਰ ਸਾਡੇ ਸੰਪਰਕ ਵਿਚ ਹਨ। 
ਕੈਪਸ਼ਨ—ਏ ਐਸ ਆਰ ਬਹੋੜੂ— 23— 5- ਅਰਵਿੰਦ ਕੇਜਰੀਵਾਲ ਪੱਤਰਕਾਰਾਂ ਨਾਲ ਗੱਲਬਾਤ ਮੌਕੇ ।