ਭਲਕੇ ਸ਼੍ਰੋਮਣੀ ਕਮੇਟੀ ਚੋਣ ’ਚ ਸੁਖਬੀਰ ਖੇਡੇਗਾ ਐਸ.ਸੀ. ਪੱਤਾ!

ਏਜੰਸੀ

ਖ਼ਬਰਾਂ, ਪੰਜਾਬ

ਭਲਕੇ ਸ਼੍ਰੋਮਣੀ ਕਮੇਟੀ ਚੋਣ ’ਚ ਸੁਖਬੀਰ ਖੇਡੇਗਾ ਐਸ.ਸੀ. ਪੱਤਾ!

image

ਮੁੱਲਾਂਪੁਰ ਦਾਖਾ, 23 ਨਵੰਬਰ (ਰਾਜ ਜੋਸ਼ੀ) : ਪੰਜਾਬ ਅੰਦਰ ਚੋਣਾਂ ਦਾ ਬੁਖਾਰ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ ਤੇ ਸੂਬੇ ਅੰਦਰ ਐਸ.ਸੀ. ਭਾਈਚਾਰੇ ਦੀ 32 ਫ਼ੀ ਸਦੀ ਵੋਟ ਨੂੰ ਅਪਣੇ ਵਲ ਭੁਗਤਾਉਣ ਲਈ ਸਿਆਸੀ ਧਿਰਾਂ ਨਵੇਂ-ਨਵੇਂ ਸਮੀਕਰਨ ਪਾਰਟੀ ਦੀਆਂ ਅਹੁਦੇਦਾਰੀਆਂ ਵਿਚ ਲਿਆ ਰਹੀਆਂ ਹਨ। ਕਾਂਗਰਸ ਪਾਰਟੀ ਵਲੋਂ ਵੱਡਾ ਪੱਤਾ ਖੇਡਦਿਆਂ ਸੂਬੇ ਦੇ ਮੁੱਖ ਮੰਤਰੀ ਦਾ ਤਾਜ ਚਰਨਜੀਤ ਸਿੰਘ ਚੰਨੀ ਦੇ ਸਿਰ ਧਰਿਆ ਗਿਆ। 
ਆਮ ਆਦਮੀ ਪਾਰਟੀ ਵਲੋਂ ਵੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਸੰਭਾਲ ਕੇ ਐਸ.ਸੀ. ਭਾਈਚਾਰੇ ਨੂੰ ਮੂਹਰੇ ਰਖਿਆ ਗਿਆ ਹੈ ਤਾਂ ਜੋ ਆਗਾਮੀ ਚੋਣਾਂ ਵਿਚ ਲਾਭ ਮਿਲ ਸਕੇ। 
ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਹੁਣ ਐਸ.ਸੀ. ਭਾਈਚਾਰੇ ਦੇ ਵੋਟਰਾਂ ਨੂੰ ਅਪਣੇ ਪਾਲੇ ਵਿਚ ਲਿਆਉਣ ਲਈ ਅਹਿਮ ਸਮਾਂ ਭਲਕੇ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਸਮੇਂ ਸਾਹਮਣੇ ਆ ਸਕਦਾ ਹੈ ਕਿਉਂਕਿ ਪਾਰਟੀ ਦੇ 100 ਸਾਲਾਂ ਦੇ ਇਤਿਹਾਸ ਵਿਚ ਸ਼੍ਰੋਮਣੀ ਕਮੇਟੀ ’ਚ ਐਸ.ਸੀ. ਭਾਈਚਾਰੇ ਦਾ ਪ੍ਰਧਾਨ ਨਹੀਂ ਦਿਤਾ ਗਿਆ ਤੇ ਸ਼ਾਇਦ ਸੁਖਬੀਰ ਬਾਦਲ ਪਾਰਟੀ ਤੋਂ ਕਾਫ਼ੀ ਹੱਦ ਤਕ ਮੂੰਹ ਮੋੜਨ ਵਾਲੇ ਭਾਈਚਾਰੇ ਦੀ ਵੋਟ ਨੂੰ ਕੈਸ਼ ਕਰਨ ਲਈ ਇਸ ਵਾਰ ਇਹ ਪੱਤਾ ਖੇਡ ਜਾਣ। ਜੇਕਰ ਉਹ ਇਹ ਪੱਤਾ ਖੇਡਦੇ ਹਨ ਤਾਂ ਰਾਜਸੀ ਮਾਹਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਬਲਬੀਰ ਸਿੰਘ ਘੁੰਨਸ  ਦਾ ਨਾਂ ਮੂਹਰੇ ਆਉਂਦਾ ਹੈ।