ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਦੀ ਕਾਰਵਾਈ, ਮਾਲ ਕਾਨੂੰਗੋ ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੱਦਬੰਦੀ ਰਿਪੋਰਟ ਦੇਣ ਬਦਲੇ 25 ਹਜ਼ਾਰ ਦੀ ਕੀਤੀ ਸੀ ਮੰਗ 

Vigilance Bureau Punjab's action!

ਅੰਮ੍ਰਿਤਸਰ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਵੀਰਵਾਰ ਨੂੰ ਸਰਕਲ ਠੱਠੀ ਸੋਹਲ, ਤਰਨਤਾਰਨ ਜ਼ਿਲ੍ਹੇ ਵਿੱਚ ਤਾਇਨਾਤ ਮਾਲ ਕਾਨੂੰਗੋ ਓਮ ਪ੍ਰਕਾਸ਼ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਾਨੂੰਗੋ ਨੂੰ ਭਲਵਿੰਦਰ ਸਿੰਘ ਵਾਸੀ ਪਿੰਡ ਝਬਾਲ, ਜ਼ਿਲ੍ਹਾ ਤਰਨਤਾਰਨ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਹੈ।

ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰ ਕੇ ਦੋਸ਼ ਲਗਾਇਆ ਕਿ ਉਕਤ ਮਾਲ ਅਧਿਕਾਰੀ ਉਸ ਦੇ ਰਿਸ਼ਤੇਦਾਰ ਦੀ ਹੱਦਬੰਦੀ ਰਿਪੋਰਟ ਦੇਣ ਬਦਲੇ ਉਸ ਕੋਲੋਂ 25,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਅਤੇ ਸੌਦਾ 10,000 ਰੁਪਏ ਵਿਚ ਤੈਅ ਹੋਇਆ ਹੈ। 

ਉਸ ਦੀ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਵਿਜੀਲੈਂਸ ਦੀ ਇੱਕ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ। ਉਨਾ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ।