ਲੁਧਿਆਣਾ 'ਚ ਵੱਖ-ਵੱਖ ਥਾਵਾਂ 'ਤੇ ਆਮਦਨ ਟੈਕਸ ਵਿਭਾਗ ਦਾ ਛਾਪਾ, ਪਈਆਂ ਭਾਜੜਾਂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਸਮੈਟਿਕ ਸਟੋਰ ਤੇ 2 ਜਿਊਲਰਾਂ ਦੀਆਂ ਦੁਕਾਨਾਂ 'ਤੇ ਮਾਰਿਆ ਛਾਪਾ

photo

 

ਲੁਧਿਆਣਾ: ਇਨਕਮ ਟੈਕਸ ਦੀਆਂ ਟੀਮਾਂ ਨੇ ਅੱਜ ਤੜਕੇ ਪੰਜਾਬ ਦੇ ਲੁਧਿਆਣਾ ਵਿੱਚ ਛਾਪੇਮਾਰੀ ਕੀਤੀ। ਟੀਮ ਨੇ ਮਨੀ ਰਾਮ ਬਲਵੰਤ ਰਾਏ ਨੇੜੇ ਪੈਵੇਲੀਅਨ ਮਾਲ, ਆਰਤੀ ਚੌਕ ਸਥਿਤ ਸਰਦਾਰ ਜਵੈਲਰਜ਼ ਅਤੇ ਮਾਲ ਰੋਡ ’ਤੇ ਨਿੱਕਮਲ ਜਿਊਲਰਜ਼ ’ਤੇ ਛਾਪੇਮਾਰੀ ਕੀਤੀ। ਆਮਦਨ ਕਰ ਵਿਭਾਗ ਦੀਆਂ ਟੀਮਾਂ ਸਵੇਰੇ 5 ਵਜੇ ਲੁਧਿਆਣਾ ਪਹੁੰਚ ਗਈਆਂ। ਛਾਪੇਮਾਰੀ ਕਰਨ ਲਈ ਟੀਮ ਮੈਂਬਰਾਂ ਨੇ ਬਾਹਰਲੇ ਸ਼ਹਿਰਾਂ ਦੇ ਵਾਹਨਾਂ ਦੀ ਵਰਤੋਂ ਕੀਤੀ ਤਾਂ ਜੋ ਛਾਪੇਮਾਰੀ ਦੀ ਸੂਚਨਾ ਪਹਿਲਾਂ ਲੀਕ ਨਾ ਹੋ ਸਕੇ।

ਤਿੰਨੋਂ ਥਾਵਾਂ ’ਤੇ ਕਰੀਬ 30 ਤੋਂ 40 ਮੁਲਾਜ਼ਮ ਪਿਛਲੇ ਰਿਕਾਰਡ ਦੀ ਜਾਂਚ ਕਰ ਰਹੇ ਹਨ ਅਤੇ ਬੈਂਕ ਖਾਤਿਆਂ ਦੇ ਵੇਰਵਿਆਂ ਅਤੇ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ। ਟੀਮ ਨੇ ਛਾਪੇਮਾਰੀ ਤੋਂ ਪਹਿਲਾਂ ਇਲਾਕਾ ਪੁਲਿਸ ਦੀ ਮਦਦ ਲਈ। ਤਿੰਨਾਂ ਥਾਵਾਂ 'ਤੇ ਸੁਰੱਖਿਆ ਹੇਠ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

ਸ਼ਹਿਰ ਦੇ ਵੱਡੇ ਜਿਊਲਰਾਂ ਦੇ ਘਰਾਂ ਅਤੇ ਕਾਸਮੈਟਿਕ ਸਟੋਰਾਂ ਲੁਧਿਆਣਾ ਤੋਂ ਇਲਾਵਾ ਜਲੰਧਰ, ਦਿੱਲੀ ਆਦਿ ਸ਼ਹਿਰਾਂ ਵਿੱਚ ਵੀ ਛਾਪੇਮਾਰੀ ਨੇ ਕਾਰਪੋਰੇਟ ਖੇਤਰ ਵਿੱਚ ਹਲਚਲ ਮਚਾ ਦਿੱਤੀ ਹੈ। ਛਾਪੇਮਾਰੀ ਦੀ ਸੂਚਨਾ ਨਾਲ ਸ਼ਹਿਰ ਦੇ ਕਈ ਕਾਰੋਬਾਰੀਆਂ 'ਚ ਹੜਕੰਪ ਮਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਇਹ ਛਾਪੇਮਾਰੀ ਇਨਕਮ ਟੈਕਸ ਵਿੱਚ ਹੇਰਾਫੇਰੀ ਕਾਰਨ ਹੋਈ ਹੈ।