BJP ਖ਼ਿਲਾਫ਼ ਝੂਠਾ ਪ੍ਰਚਾਰ ਚਲਾਉਣ ਲਈ ‘ਆਪ’, ਕਾਂਗਰਸ ਤੇ ਅਕਾਲੀ ਹੋਏ ਇਕੱਠੇ : ਅਸ਼ਵਨੀ ਸ਼ਰਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ : ਕੇਂਦਰ ਸਰਕਾਰ ਲੋਕ ਸਭਾ ’ਚ ਚੰਡੀਗੜ੍ਹ ਸਬੰਧੀ ਨਹੀਂ ਲਿਆ ਰਹੀ ਕੋਈ ਬਿਲ 

AAP, Congress and Akali have come together to spread false propaganda against BJP: Ashwani Sharma

ਚੰਡੀਗੜ੍ਹ : ਪੰਜਾਬ ਭਾਰਤੀ ਜਨਤਾ ਪਾਰਟੀ  ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਤਿੱਖੇ ਲਹਿਜ਼ੇ ਵਿਚ ‘ਆਪ’ ਸਰਕਾਰ, ਕਾਂਗਰਸ ਅਤੇ ਅਕਾਲੀ ਦਲ 'ਤੇ ਸਿਆਸੀ ਮੁਫ਼ਾਦ ਲਈ ਇਕੱਠੇ ਹੋ ਕਰ ਭਾਜਪਾ ਵਿਰੁੱਧ ਝੂਠੇ ਅਤੇ ਗੁੰਮਰਾਹਕੁੰਨ ਪ੍ਰਚਾਰ ਚਲਾਉਣ ਦਾ ਗੰਭੀਰ ਇਲਜ਼ਾਮ ਲਾਇਆ । ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਟਵੀਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਚੰਡੀਗੜ੍ਹ ਸਬੰਧੀ ਕੋਈ ਬਿੱਲ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ 'ਚ ਨਹੀਂ ਲਿਆਂਦਾ ਜਾ ਰਿਹਾ ।  ਇਸ ਲਈ ‘ਆਪ’ ਸਰਕਾਰ ਅਤੇ ਵਿਰੋਧੀ ਧਿਰ ਵਲੋਂ ਖੜ੍ਹਾ ਕੀਤਾ ਡਰਾਉਣਾ ਮਾਹੌਲ ਸਿਰਫ਼ ਇੱਕ ਸਿਆਸੀ ਨਾਟਕ ਸੀ ।

ਸ਼ਰਮਾ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦੀ ਸੋਚ ਹਮੇਸ਼ਾਂ ਤੋਂ ਪੰਜਾਬ ਪੱਖੀ ਰਹੀ ਹੈ ।  ਭਾਜਪਾ ਨੇ ਹਰ ਮੋੜ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਫ਼ਿਰ ਭਾਵੇਂ ਮਸਲਾ ਪਾਣੀ ਦਾ ਹੋਵੇ, ਚੰਡੀਗੜ੍ਹ ਦਾ ਜਾਂ ਪੰਜਾਬ ਦੇ ਹਿੱਤਾਂ ਨਾਲ ਜੁੜਿਆ ਕੋਈ ਹੋਰ ਮੁੱਦਾ।  ‘ਆਪ’, ਕਾਂਗਰਸ ਅਤੇ ਅਕਾਲੀ ਦਲ ਵਿਰੁੱਧ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਤਿੰਨੇ ਪਾਰਟੀਆਂ ਨੂੰ ਪੰਜਾਬ ਨਾਲ ਕੋਈ ਸਰੋਕਾਰ ਨਹੀਂ, ਇਹ ਤਿੰਨੇ ਸਿਰਫ਼ ਸਿਆਸੀ ਲਾਭ ਲਈ ਇਕੱਠੇ ਹੋਏ ਹਨ ਅਤੇ ਭਾਜਪਾ ਦੇ ਖਿਲਾਫ਼ ਝੂਠਾ ਨੈਰੇਟਿਵ ਖੜ੍ਹਾ ਕਰ ਰਹੇ ਹਨ ।

ਅਸ਼ਵਨੀ ਸ਼ਰਮਾ ਨੇ ‘ਆਪ’ 'ਤੇ ਤੰਜ਼ ਕਸਦਿਆਂ ਕਿਹਾ ਕਿ ਚੋਣ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ‘ਆਪ’ ਸਰਕਾਰ ਹੁਣ ਗੈਂਗਸਟਰਵਾਦ, ਗੈਰਕਾਨੂੰਨੀ ਮਾਈਨਿੰਗ ਰੋਕਣ ’ਚ ਨਾਕਾਮ ਅਤੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਨਾਕਾਮੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਭਾਜਪਾ 'ਤੇ ਝੂਠੇ ਦੋਸ਼ ਲਗਾ ਰਹੀ ਹੈ । ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਸਾਰਾ ਡਰਾਮਾ ਇਸ ਗੱਲ ਦਾ ਸਬੂਤ ਹੈ ਕਿ ਉਹ ਆਪਣੀ ਹਰ ਨਾਕਾਮੀ ਨੂੰ ਭਾਜਪਾ ਦੇ ਬੁੱਕਲ ਪਾਉਣ ਦੀ ਆਦਤ 'ਚ ਚੱਲ ਰਹੀ ਹੈ |
ਅਸ਼ਵਨੀ ਸ਼ਰਮਾ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਵੀ ਖੂਬ ਘੇਰਦਿਆਂ ਤਿੱਖੇ ਲਹਿਜ਼ੇ ਵਿਚ ਕਿਹਾ ਕਿ ਇਹ ਮੁੱਦੇ (ਪਾਣੀ, ਚੰਡੀਗੜ੍ਹ ਅਤੇ ਕੇਂਦਰ ਸੂਬਾ ਸੰਬੰਧ) ਇਨ੍ਹਾਂ ਹੀ ਪੁਰਾਣੀਆਂ ਪਾਰਟੀਆਂ ਦੀਆਂ ਦਹਾਕਿਆਂ ਲੰਬੀਆਂ ਗਲਤੀਆਂ ਦਾ ਨਤੀਜਾ ਹਨ । ਜਿਹੜੇ ਮੁੱਦੇ ਇਹ ਖੁਦ ਸੁਲਝਾ ਨਹੀਂ ਸਕੇ, ਉਹ ਅੱਜ ਭਾਜਪਾ ਉੱਤੇ ਇਲਜ਼ਾਮ ਲਾ ਕੇ ਲੋਕਾਂ ਨੂੰ ਫਿਰ ਤੋਂ ਗੁੰਮਰਾਹ ਕਰਨਾ ਚਾਹੁੰਦੇ ਹਨ । ਪਰ ਪੁਰਾਣੀਆਂ ਗਲਤੀਆਂ ਉੱਤੇ ਪਰਦਾ ਨਹੀਂ ਪਾਇਆ ਜਾ ਸਕਦਾ । ਸ਼੍ਰੋਮਣੀ ਅਕਾਲੀ ਦਲ (ਬ) 'ਤੇ ਹਮਲਾ ਬੋਲਦਿਆਂ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਹੁਣ ਸਿਰਫ਼ ਭਾਜਪਾ ਨੂੰ ਨਿਸ਼ਾਨਾ ਬਣਾ ਕੇ ਆਪਣੀ ਬਚੀ-ਖੁਚੀ ਜਮੀਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਸ਼ਰਮਾ ਨੇ ਕਿਹਾ ਕਿ ਕਾਂਗਰਸ ਨੂੰ ਅੱਜ ਇਹ ਡਰ ਸਤਾ ਰਿਹਾ ਹੈ ਕਿ ਪੰਜਾਬ ਦੀ ਸਿਆਸਤ ਵਿਚ ਉਸ ਦੀ ਥਾਂ ਭਾਜਪਾ ਲੈ ਰਹੀ ਹੈ । ਇਸ ਲਈ ਕਾਂਗਰਸ ਵੀ ‘ਆਪ’ ਅਤੇ ਅਕਾਲੀਆਂ ਦੇ ਨਾਲ ਮਿਲ ਕੇ ਭਾਜਪਾ ਦੇ ਵਿਰੁੱਧ ਝੂਠੀ ਪ੍ਰਚਾਰਬਾਜ਼ੀ ਨੂੰ ਹਵਾ ਦੇ ਰਹੀ ਹੈ ।ਅਸ਼ਵਨੀ ਸ਼ਰਮਾ ਨੇ ਯਕੀਨ ਦਵਾਇਆ ਕਿ ਜਦ ਵੀ ਕੋਈ ਮੁੱਦਾ ਪੰਜਾਬ ਦੇ ਹਿੱਤ ਨਾਲ ਜੁੜਿਆ ਹੋਵੇਗਾ, ਭਾਜਪਾ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਹਮੇਸ਼ਾਂ ਪੰਜਾਬ-ਪੱਖੀ ਹੱਲ ਹੀ ਲਿਆਵੇਗੀ।  ਉਨ੍ਹਾਂ ਕਿਹਾ ਕਿ ਭਾਜਪਾ ਸਿਆਸਤ ਨਹੀਂ, ਸਿਰਫ਼ ਪੰਜਾਬ ਦੇ ਹਿੱਤ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ ।