ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਿੱਚ ਬੋਲਣ ਦਾ ਮੌਕਾ ਨਾ ਦਿੱਤੇ ਜਾਣ 'ਤੇ ਪਰਗਟ ਸਿੰਘ ਨੇ ਸਰਕਾਰ ਨੂੰ ਘੇਰਿਆ
ਕਿਹਾ,'ਸਰਕਾਰ ਸੱਚ ਅਤੇ ਇਮਾਨਦਾਰ ਅਲੋਚਨਾ ਸੁਣਨ ਤੋਂ ਡਰਦੀ ਹੈ'
ਚੰਡੀਗੜ੍ਹ: ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗੀ ਵਿਧਾਨ ਸਭਾ ਵਿੱਚ ਨਾ ਬੋਲਣ ਦੇਣ ਉੱਤੇ ਸਰਕਾਰ ਨੂੰ ਘੇਰਿਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸਪੀਕਰ ਵੱਲੋਂ ਤੈਅ ਸਮੇਂ (15 ਨਵੰਬਰ) ਅੰਦਰ ਆਪਣੀ ਸਪੀਚ ਜਮ੍ਹਾ ਕਰਵਾਉਣ ਦੇ ਬਾਵਜ਼ੂਦ ਵੀ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਿੱਚ ਮੈਨੂੰ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਦੇਣਾ ਇਹ ਸਪੱਸ਼ਟ ਕਰਦਾ ਹੈ ਕਿ ਇਹ ਸਰਕਾਰ ਸੱਚ ਅਤੇ ਇਮਾਨਦਾਰ ਅਲੋਚਨਾ ਸੁਣਨ ਤੋਂ ਡਰਦੀ ਹੈ।
ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਆਪਣੀ ਲਿਖਤੀ ਸਪੀਚ ਸਿੱਧਾ ਸੰਗਤ ਦੀ ਕਚਹਿਰੀ ਵਿੱਚ ਰੱਖ ਰਿਹਾ ਹਾਂ—ਤਾਂ ਜੋ ਪੰਜਾਬ ਦੇ ਲੋਕ ਖੁਦ ਵੇਖ ਸਕਣ ਕਿ ਸਰਕਾਰ ਕਿਹੜੀਆਂ ਗੱਲਾਂ ਤੋਂ ਡਰ ਰਹੀ ਹੈ।ਗੁਰੂ ਸਾਹਿਬ ਸਾਨੂੰ ਨਿਡਰਤਾ ਬਖਸ਼ਣ ਤਾਂ ਕਿ ਅਸੀਂ ਆਪਣੇ ਸੂਬੇ, ਆਪਣੇ ਹੱਕਾਂ ਅਤੇ ਧਾਰਮਿਕ ਅਕੀਦੇ ਦੀ ਰੱਖਿਆ ਲਈ ਡਟ ਕੇ ਆਵਾਜ਼ ਬੁਲੰਦ ਕਰ ਸਕੀਏ।
ਕਾਂਗਰਸੀ ਪਰਗਟ ਸਿੰਘ ਨੇ ਕਿਹਾ ਹੈ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉੱਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਿਰਫ ਸਿਆਸੀ ਲਾਹੇ ਲਈ ਵਿਧਾਨ ਸਭਾ ਲਗਾਈ ਗਈ। ਉਨ੍ਹਾਂ ਨੇ ਕਿਹਾ ਹੈ ਕਿ ਗੁਰੂ ਸਾਹਿਬ ਨੇ ਹਮੇਸ਼ਾ ਸੱਚ ਤੇ ਹੱਕ ਦੀ ਗੱਲ ਕੀਤੀ ਹੈ। ਉਨ੍ਹਾਂ ਨੇਕਿਹਾ ਹੈ ਕਿ ਗੁਰੂ ਸਾਹਿਬ ਨੇ ਕਸ਼ਮੀਰੀ ਪੰਡਿਤਾਂ ਉੱਤੇ ਹੋ ਰਹੇ ਅੱਤਿਆਚਾਰ ਖਿਲਾਫ਼ ਅਤੇ ਸਮੇਂ ਦੀ ਹਕੂਮਤ ਦਾ ਸਖ਼ਤ ਵਿਰੋਧ ਕੀਤਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਹਕੂਮਤ ਵੱਲੋਂ ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ। ਉਥੇ ਹੀ ਪੰਜਾਬ ਦੀ ਹਕੂਮਤ ਚੁੱਪ ਹੈ ਇਹ ਕਿਉ ਹੋ ਰਿਹਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਬੇਅਦਬੀਆਂ ਉੱਤੇ ਮੌਜੂਦਾ ਸਰਕਾਰ ਦਾ ਸਟੈਂਡ ਕਿੱਥੇ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਰਸਮੀ ਤੌਰ ਉੱਤੇ ਸਮਾਗਮ ਨਹੀ ਸਗੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਲੈ ਕੇ ਅੱਗੇ ਚੱਲਣਾ ਚਾਹੀਦਾ ਹੈ।