ਬਾਦਲ ਜੋੜੀ ਨੂੰ CAA ਦੇ ਹੱਕ 'ਚ ਵੋਟ ਪਾਉਣ ਵੇਲੇ ਮੁਸਲਮਾਨਾਂ ਦੀ ਯਾਦ ਨਾ ਆਈ ? : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲਾਂ ਦੀ ਦੋਗਲੀ ਰਣਨੀਤੀ ਹੁਣ ਨਹੀਂ ਚੱਲਣ ਦਿਤੀ ਜਾਵੇਗੀ

Bhagwant Mann

ਸੰਗਰੂਰ(ਸਿੱਧੂ/ਟਿੰਕਾ ਆਨੰਦ) : ਨਾਗਰਿਕਤਾ ਸੋਧ ਕਾਨੂੰਨ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਨੇ ਅਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਦੋਗਲਾ ਵਤੀਰਾ ਅਪਣਾਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਮਾਨ ਨੇ ਕਿਹਾ ਕਿ ਕੈਬਨਿਟ ਮੰਤਰੀ ਦੀ ਕੁਰਸੀ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੋਵੇਂ ਪਤੀ ਪਤਨੀ ਨੇ ਸੰਸਦ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ 'ਚ ਵੋਟ ਕੀਤਾ ਪ੍ਰੰਤੂ ਪੰਜਾਬ ਆ ਕੇ ਵੱਖਰੀ ਰਾਹ ਅਖਤਿਆਰ ਕਰ ਲੈਂਦੇ ਹਨ ਕਿ ਇਸ 'ਚ ਮੁਸਲਮਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਰਾਹ 'ਤੇ ਚੱਲ ਰਹੇ ਹਨ ਉਹ ਵੀ ਦਿੱਲੀ 'ਚ ਕੁੱਝ ਹੋਰ ਤੇ ਪੰਜਾਬ 'ਚ ਕੁੱਝ ਹੋਰ ਦੀ ਰਾਜਨੀਤੀ ਕਰਦੇ ਸਨ।ਉਨ੍ਹਾਂ ਸ੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਕਿਹਾ ਸੀ ਕਿ ਅਕਾਲੀ ਦਲ 1920 'ਚ ਬਣਿਆ ਤੇ 2020 'ਚ ਖ਼ਤਮ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤਾ ਨਾਗਰਿਕਤਾ ਸੋਧ ਕਾਨੂੰਨ ਬਹੁਤ ਗ਼ਲਤ ਹੈ। ਦੇਸ਼ ਦੀ ਜੀ.ਡੀ.ਪੀ. ਡਿੱਗ ਕੇ 2.5 ਪ੍ਰਤੀਸ਼ਤ ਵੀ ਹੇਠਾਂ ਹੈ ਕਿ ਇਹ ਤਾਂ ਭਾਜਪਾ ਵਾਲੇ ਗ਼ਲਤ ਤਰੀਕੇ ਨਾਲ 5 ਪ੍ਰਤੀਸ਼ਤ ਦੇ ਨੇੜੇ ਦਿਖਾ ਰਹੇ ਹਨ ਤੇ ਦੇਸ਼ ਅੰਦਰ ਬੇਰੁਜ਼ਗਾਰ ਵਧ ਰਹੀ ਹੈ ਤੇ ਭਾਜਪਾ ਇਸ ਕਾਨੂੰਨ ਨਾਲ ਸਿਰਫ਼ ਹਿੰਦੂ ਮੁਸਲਿਮ ਕਰਨਾ ਚਾਹੁੰਦੇ ਹਨ

ਪ੍ਰੰਤੂ ਭਾਜਪਾ ਨੂੰ ਇਸਦਾ ਖਮਿਆਜਾ ਭੁਗਤਨਾ ਪੈ ਰਿਹਾ ਹੈ ਅਤੇ ਅੱਜ ਝਾਰਖੰਡ ਹਰਾ ਚੁੱਕੇ ਹਨ ਤੇ ਬੀਤੇ 1 ਸਾਲ 'ਚ 5 ਰਾਜਾਂ ਤੋਂ ਹੱਥ ਧੋ ਬੈਠੇ ਹਨ। ਉਨਾਂ ਕਿਹਾ ਕਿ ਆਪ ਪਾਰਟੀ ਇਸ ਕਾਨੂੰਨ ਦੇ ਖਿਲਾਫ਼ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ, ਗਿਆਨ ਸਿੰਘ ਮਾਨ, ਅਵਤਾਰ ਸਿੰਘ ਈਲਵਾਲ, ਨਰਿੰਦਰ ਕੌਰ ਭਰਾਜ, ਮਹਿੰਦਰ ਸਿੰਘ ਸਿੱਧੂ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।