ਪਿੰਡ ਦੋਦੜਾ ਦੇ ਕਿਸਾਨ ਦੀ ਟਰਾਲੀ ਦੇ ਡਾਲੇ ਤੋਂ ਡਿੱਗ ਕੇ ਹੋਈ ਮੌਤ 

ਏਜੰਸੀ

ਖ਼ਬਰਾਂ, ਪੰਜਾਬ

ਮ੍ਰਿਤਕ ਦੀ ਲਾਸ਼ ਸਿਵਿਲ ਹਸਪਤਾਲ ਬੁਢਲਾਡਾ ਦੇ ਮੁਰਦਾ ਘਰ ਵਿਚ ਰੱਖ ਦਿੱਤੀ ਹੈ

Darshanpal Singh

ਬੁਢਲਾਡਾ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇੱਕ ਹੋਰ ਕਿਸਾਨ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਸੀਰ ਸਿੰਘ ਸੀਰਾ ਦੋਦੜਾ ਨੇ ਦੱਸਿਆ ਕਿ ਕਿਸਾਨਾਂ ਵਲੋਂ ਮੋਦੀ ਸਰਕਾਰ ਖ਼ਿਲਾਫ਼ ਅਰੰਭੇ ਸੰਘਰਸ਼ ਦੌਰਾਨ ਜਥੇਬੰਦੀਆਂ ਵਲੋਂ ਭਾਜਪਾ ਆਗੂਆਂ ਦੇ ਘਰਾਂ ਦਾ ਨਿਰਵਿਘਨ ਘਿਰਾਉ ਕਰਨ ਸਮੇਂ ਲੰਘੀ 16 ਦਸੰਬਰ ਨੂੰ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਪਿੰਡ ਦੋਦੜਾ ਦਾ ਕਿਸਾਨ ਦਰਸ਼ਨ ਸਿੰਘ ਟਰਾਲੀ ਦੇ ਡਾਲੇ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਸੀ।

ਜਿਸ ਨੂੰ ਜਥੇਬੰਦੀ ਦੇ ਆਗੂਆਂ ਵਲੋਂ ਸਿਵਲ ਹਸਪਤਾਲ ਮਾਨਸਾ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਪਰ ਡਾਕਟਰਾਂ ਵਲੋਂ ਹਾਲਤ ਨਾਜੁਕ ਦੇਖਦਿਆਂ ਉਕਤ ਕਿਸਾਨ ਨੂੰ ਫਰੀਦਕੋਟ ਵਿਖੇ ਭੇਜ ਦਿੱਤਾ ਗਿਆ ਸੀ, ਜਿਸ ਦੀ ਅੱਜ ਪਿੰਡ ਦੋਦੜਾ ਵਿਖੇ ਮੌਤ ਹੋ ਗਈ। ਕਿਸਾਨ ਆਗੂ ਜਗਸੀਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਅਨੁਸਾਰ ਮ੍ਰਿਤਕ ਦੀ ਲਾਸ਼ ਸਿਵਿਲ ਹਸਪਤਾਲ ਬੁਢਲਾਡਾ ਦੇ ਮੁਰਦਾ ਘਰ ਵਿਚ ਰੱਖ ਦਿੱਤੀ ਹੈ ਅਤੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਲਈ 10 ਲੱਖ ਰੁਪਏ, ਕਰਜਾ ਮੁਆਫੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ ਹੈ।