ਪੰਜਾਬ ਸਰਕਾਰ ਨੇ ਕੰਡਮ ਬੱਸਾਂ ਦੀ ਈ-ਆਕਸ਼ਨ ਰਾਹੀਂ ਰਾਖਵੀਂ ਕੀਮਤ ਤੋਂ 26 ਲੱਖ ਵੱਧ ਕਮਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਨੇ 45 ਕੰਡਮ ਬੱਸਾਂ ਦੀ ਵਿਕਰੀ ਕੀਤੀ

- Punjab earns Rs. 26 lakh more than the reserved price of condemned buses and Scrap in Amritsar and Ferozepur

ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਦੋ ਡਿਪੂਆਂ ਵਿੱਚ ਕੰਡਮ ਬੱਸਾਂ ਅਤੇ ਕਬਾੜ ਸਮੱਗਰੀ ਦੀ ਈ-ਆਕਸ਼ਨ ਰਾਹੀਂ ਵਿਕਰੀ ਨਾਲ ਰਾਖਵੀਂ ਕੀਮਤ ਤੋਂ 26 ਲੱਖ ਰੁਪਏ ਤੋਂ ਵੱਧ ਦਾ ਮਾਲੀਆ ਇੱਕਠਾ ਕੀਤਾ ਹੈ। ਸਰਕਾਰ ਨੇ 45 ਕੰਡਮ ਬੱਸਾਂ ਦੀ ਵਿਕਰੀ ਕੀਤੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਦੋ ਡਿਪੂਆਂ ਵਿਚ ਬੱਸਾਂ ਅਤੇ ਕਬਾੜ ਸਮੱਗਰੀ ਵੇਚਣ ਲਈ ਈ-ਆਕਸ਼ਨ ਕਰਵਾਈ ਗਈ ਸੀ।

ਇਸ ਦੌਰਾਨ ਈ-ਨੀਲਾਮੀ ਰਾਹੀਂ ਅੰਮ੍ਰਿਤਸਰ -2 ਡਿਪੂ ਵਿਚ 25 ਕੰਡਮ ਬੱਸਾਂ ਅਤੇ ਫਿਰੋਜ਼ਪੁਰ ਡਿਪੂ ਵਿਚ 20 ਕੰਡਮ ਬੱਸਾਂ ਵੇਚੀਆਂ ਗਈਆਂ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ -2 ਡਿਪੂ ਵਿੱਚ ਇਹ ਬੱਸਾਂ 35.74 ਲੱਖ ਰੁਪਏ ਦੀ ਰਾਖਵੀਂ ਕੀਮਤ ਤੋਂ 15.28 ਲੱਖ ਰੁਪਏ ਦੇ ਵਾਧੇ ਨਾਲ ਅਤੇ ਫਿਰੋਜ਼ਪੁਰ ਡਿਪੂ ਵਿਚ 31.51 ਲੱਖ ਰੁਪਏ ਦੀ ਰਾਖਵੀਂ ਕੀਮਤ ਤੋਂ 8.16 ਲੱਖ ਰੁਪਏ ਦੇ ਵਾਧੇ ਨਾਲ ਵਿਕੀਆਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਤਰ੍ਹਾਂ ਇਹ ਬੱਸਾਂ 90.70 ਲੱਖ ਰੁਪਏ ਵਿੱਚ ਵਿਕੀਆਂ ਹਨ ਜਦੋਂ ਕਿ ਇਨ੍ਹਾਂ ਦੀ ਰਾਖਵੀਂ ਕੀਮਤ 67.26 ਲੱਖ ਰੁਪਏ ਬਣਦੀ ਹੈ। ਇਸ ਤਰ੍ਹਾਂ 23.44 ਲੱਖ ਰੁਪਏ ਦਾ ਵਾਧੂ ਮਾਲੀਆ ਇੱਕਤਰ ਹੋਇਆ ਹੈ। ਇਸ ਤੋਂ ਇਲਾਵਾ ਹੋਰ ਕਬਾੜ ਸਮੱਗਰੀ ਜਿਵੇਂ ਕਿ ਕੰਡਮ ਟਾਇਰਾਂ, ਵਰਤੇ ਗਏ ਤੇਲ ਅਤੇ ਨਾ ਵਰਤਣ ਯੋਗ ਪੁਰਜਿਆਂ ਨੂੰ 12.19 ਲੱਖ ਰੁਪਏ ਵਿੱਚ ਵੇਚਿਆ ਗਿਆ ਹੈ ਜਿਨ੍ਹਾਂ ਦੀ ਰਾਖਵੀਂ ਕੀਮਤ 9.07 ਲੱਖ ਰੁਪਏ ਬਣਦੀ ਹੈ। ਇਸ ਤਰ੍ਹਾਂ ਕਬਾੜ ਦੀ ਵਿਕਰੀ ਤੋਂ 3.12 ਲੱਖ ਰੁਪਏ ਦਾ ਵਾਧਾ ਦਰਜ ਕੀਤਾ ਗਿਆ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਪਹਿਲਕਦਮੀ ਵਧੇਰੇ ਪਾਰਦਰਸ਼ਤਾ ਲਿਆਉਣ ਅਤੇ ਸਰਕਾਰੀ ਮਾਲੀਆ ਵਧਾਉਣ ਵਿੱਚ ਸਹਾਈ ਹੋਵੇਗੀ। ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਈ-ਬੋਲੀ ਰਾਹੀਂ ਸਕ੍ਰੈਪ ਦੀ ਵਿਕਰੀ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਸ਼ਮੂਲੀਅਤ ਰਾਹੀਂ ਵਧੇਰੇ ਪਾਰਦਰਸ਼ਤਾ ਲਿਆਂਦੀ ਜਾ ਸਕੇ। ਟਰਾਂਸਪੋਰਟ ਵਿਭਾਗ ਦੇ 2 ਡਿਪੂਆਂ ਵਿਚ ਇਹ ਬੋਲੀ ਮੁਕੰਮਲ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿਚ ਬਾਕੀ ਡਿਪੂਆਂ ਵਿਚ ਈ-ਨੀਲਾਮੀ ਕਰਵਾਈ ਜਾਵੇਗੀ ਜਿਸ ਨਾਲ ਵਿਭਾਗ ਦੇ ਮਾਲੀਏ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।