ਮੁੱਖ ਮੰਤਰੀ ਵਲੋਂ ਮੋਬਾਈਲ ਐਪ ਅਤੇ ਵੈਬ ਪੋਰਟਲ ‘ਪੀ.ਆਰ. ਇਨਸਾਈਟ’ ਦੀ ਸ਼ੁਰੂਆਤ
ਮੁੱਖ ਮੰਤਰੀ ਵਲੋਂ ਮੋਬਾਈਲ ਐਪ ਅਤੇ ਵੈਬ ਪੋਰਟਲ ‘ਪੀ.ਆਰ. ਇਨਸਾਈਟ’ ਦੀ ਸ਼ੁਰੂਆਤ
ਚੰਡੀਗੜ੍ਹ, 23 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਡਿਜੀਟਲ ਪੰਜਾਬ ਪ੍ਰਤੀ ਇਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ‘ਪੀ.ਆਰ. ਇਨਸਾਈਟ’ (ਲੋਕ ਸੰਪਰਕ ਦਾ ਝਰੋਖਾ) ਦੇ ਨਾਮ ਦੀ ਮੋਬਾਈਲ ਐਪ ਅਤੇ ਵੈੱਬ ਪੋਰਟਲ ਦੀ ਸ਼ੁਰੂਆਤ ਕੀਤੀ ਜਿਸ ਨਾਲ ਫ਼ੀਡਬੈਕ ਦਾ ਨਿਰੀਖਣ ਕਰਨ ਅਤੇ ਉਸ ਦੇ ਆਧਾਰ ’ਤੇ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਵਿਚ ਸੁਧਾਰ ਲਿਆਂਦਾ ਜਾ ਸਕੇਗਾ ਤਾਂ ਕਿ ਸੂਬੇ ਵਿਚ ਲੋਕ ਪੱਖੀ ਅਤੇ ਪਾਰਦਰਸ਼ੀ ਸ਼ਾਸਨ ਯਕੀਨੀ ਬਣਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ‘ਪੀ.ਆਰ. ਇਨਸਾਈਟ’ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ ਵਿਕਸਤ ਕੀਤਾ ਗਿਆ ਹੈ ਤਾਂ ਕਿ ਸੂਬੇ ਦੀਆਂ ਸਾਰੀਆਂ ਖ਼ਬਰਾਂ ਅਤੇ ਸੋਸ਼ਲ ਮੀਡੀਆ ਸਮੱਗਰੀ ਦਾ ਇਕੋ ਪਲੇਟਫ਼ਾਰਮ ਅਤੇ ਡੈਸ਼ਬੋਰਡ ਮੁਹਈਆ ਕਰਵਾਇਆ ਜਾ ਸਕੇ। 31 ਮੋਹਰੀ ਖ਼ਬਰ ਏਜੰਸੀਆਂ/ਪੋਰਟਲਾਂ ਨੂੰ ਪੀ.ਆਰ. ਇਨਸਾਈਟ ਐਪ ਅਤੇ ਪੋਰਟਲ ਨਾਲ ਆਨਲਾਈਨ ਜੋੜਿਆ ਗਿਆ ਹੈ ਅਤੇ ਸੂਬੇ ਦੇ ਸਮੂਹ ਵਿਭਾਗਾਂ ਦੀਆਂ ਖ਼ਬਰਾਂ/ਲੇਖਾਂ ਨੂੰ ਇਨ੍ਹਾਂ ਨਿਊਜ਼ ਏਜੰਸੀਆਂ ਪਾਸੋਂ ਤੁਰਤ ਲੈ ਲਿਆ ਜਾਂਦਾ ਹੈ।
ਖ਼ਬਰਾਂ ਅਤੇ ਸੋਸ਼ਲ ਮੀਡੀਆ ਸਮੱਗਰੀ ਦੇ ਇਕ ਪਲੇਟਫ਼ਾਰਮ ਨੂੰ ਬਾਅਦ ਵਿਚ ਆਧੁਨਿਕ ਅਤੇ ਵਿਚਾਰਕ ਅਧਿਐਨ ਟੂਲਜ਼ ਦੀ ਵਰਤੋਂ ਰਾਹੀਂ ਪੜਚੋਲਿਆ ਜਾਂਦਾ ਹੈ ਤਾਂ ਕਿ ਸਰਕਾਰ ਦੀਆਂ ਨੀਤੀਆਂ ਬਾਰੇ ਨਾਗਰਿਕਾਂ ਦੀ ਫ਼ੀਡਬੈਕ ਸਮਝਣ ਦੇ ਨਾਲ-ਨਾਲ ਸ਼ਾਸਨ ਬਾਰੇ ਵੀ ਨਾਗਰਿਕਾਂ ਦੀ ਧਾਰਨਾ ਦਾ ਪਤਾ ਲੱਗ ਸਕੇ।