ਤਿ੍ਰਪਤ ਬਾਜਵਾ ਵਲੋਂ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਨੂੰ ਸਥਾਈ ਵਿਕਾਸ ਟੀਚਿਆਂ ਨਾਲ ਜੋੜਨ ਸਬੰਧੀ

ਏਜੰਸੀ

ਖ਼ਬਰਾਂ, ਪੰਜਾਬ

ਤਿ੍ਰਪਤ ਬਾਜਵਾ ਵਲੋਂ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਨੂੰ ਸਥਾਈ ਵਿਕਾਸ ਟੀਚਿਆਂ ਨਾਲ ਜੋੜਨ ਸਬੰਧੀ ਮੈਨੂਅਲ ਲਾਂਚ

image

ਚੰਡੀਗੜ੍ਹ/ਐਸ.ਏ.ਐਸ.ਨਗਰ, 23 ਦਸੰਬਰ (ਸਸਸ) : ਪੰਚਾਇਤਾਂ ਨੂੰ ਵਿਕਾਸ ਯੋਜਨਾਵਾਂ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ‘ਗ੍ਰਾਮ ਪੰਚਾਇਤ ਵਿਕਾਸ ਯੋਜਨਾ ਨੂੰ ਸਥਾਈ ਵਿਕਾਸ ਟੀਚਿਆਂ ਨਾਲ ਜੋੜਨਾ’ ਨਾਮੀ ਟ੍ਰੇਨਿੰਗ ਮੈਨੂਅਲ ਲਾਂਚ ਕੀਤਾ। ਵਿਕਾਸ ਭਵਨ ਮੁਹਾਲੀ ਵਿਖੇ ਹੋਏ ਇਕ ਸਮਾਗਮ ਵਿਚ ਬਾਜਵਾ ਨੇ ਕਿਹਾ ਕਿ ਟ੍ਰੇਨਿੰਗ ਮੈਨੂਅਲ ਐਸਡੀਜੀ (ਸਥਾਈ ਵਿਕਾਸ ਟੀਚੇ) ਕੋਆਰਡੀਨੇਸ਼ਨ ਸੈਂਟਰ, ਯੋਜਨਾਬੰਦੀ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਦੇ ਸੂਬਾਈ ਸੰਸਥਾਨ, ਪੰਜਾਬ ਸਰਕਾਰ ਵਲੋਂ ਸਾਂਝੇ ਤੌਰ ’ਤੇ ਤਿਆਰ ਕੀਤਾ ਗਿਆ ਹੈ। ਇਸ ਸਿਖਲਾਈ ਮੈਨੂਅਲ ਦਾ ਉਦੇਸ਼ ਸਥਾਈ ਵਿਕਾਸ ਟੀਚਿਆਂ ਦੇ ਫਰੇਮਵਰਕ ਵਿਚ ਉਨ੍ਹਾਂ ਦੀਆਂ ਸਬੰਧਤ ਗ੍ਰਾਮ ਪੰਚਾਇਤਾਂ ਲਈ ਇਕ ਸਮਾਵੇਸ਼ੀ ਅਤੇ ਸੰਪੂਰਨ ਵਿਕਾਸ ਯੋਜਨਾ ਵਿਕਸਤ ਕਰਨ ਲਈ ਪੀਆਰਆਈ ਮੈਂਬਰਾਂ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਪੰਚਾਇਤ ਮੈਂਬਰਾਂ ਨੂੰ ਸੁਸ਼ਾਸਨ, ਸਮਾਜਕ ਸ਼ਮੂਲੀਅਤ, ਮਹਿਲਾ ਸਸ਼ਕਤੀਕਰਨ ਅਤੇ ਆਰਥਕ ਵਿਕਾਸ ਲਈ ਕੰਮ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸਥਾਈ ਵਿਕਾਸ ਟੀਚਿਆਂ ਦੇ ਲਾਗੂ ਕਰਨ ਅਤੇ ਪ੍ਰਾਪਤੀ ਲਈ ਗ੍ਰਾਮ ਪੰਚਾਇਤਾਂ ਪੰਚਾਇਤੀ ਰਾਜ ਦੀਆਂ ਸਭ ਤੋਂ ਢੁਕਵੀਂਆਂ ਅਤੇ ਪ੍ਰਭਾਵਸ਼ਾਲੀ ਏਜੰਸੀਆਂ ਹਨ।
  ਇਸ ਪ੍ਰੋਗਰਾਮ ਦੀ ਸਮਾਪਤੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਦੇ ਧਨਵਾਦ ਨਾਲ ਹੋਈ। ਇਸ ਦੌਰਾਨ ਪੀਆਰਆਈ ਮੈਂਬਰ, ਬੀਡੀਪੀਓਜ, ਯੋਜਨਾਬੰਦੀ ਵਿਭਾਗ, ਐਸਡੀਜੀ ਕੋਆਰਡੀਨੇਸ਼ਨ ਕੇਂਦਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਰਮਚਾਰੀ ਸ਼ਾਮਲ ਹੋਏ।