ਸਰਕਾਰ ਵਲੋਂ ਬਣਾਏ ਗਏ ਰੈਣ ਬਸੇਰਾ ਦਾ ਕੀਤਾ ਗਿਆ ਰਿਐਲਟੀ ਚੈਕ, ਲੋਕਾਂ ਨੇ ਬੰਨ੍ਹੇ ਤਰੀਫ਼ਾਂ ਦੇ ਪੁਲ
ਕਿਹਾ ਕਿ ਸਰਕਾਰ ਵਲੋਂ ਜੋ ਸਹੂਲਤਾਂ ਦਿਤੀਆਂ ਗਈਆਂ ਹਨ ਉਹ 100 ਫੀ ਸਦੀ ਲੋਕਾਂ ਦੇ ਕੰਮ ਆ ਰਹੀਆਂ ਹਨ ਅਤੇ ਉਨ੍ਹਾਂ ਲਈ ਉਹ ਸਰਕਾਰ ਦੇ ਬਹੁਤ ਧਨਵਾਦੀ ਹਨ।
ਸ੍ਰੀ ਮੁਕਤਸਰ ਸਾਹਿਬ (ਸੋਨੂ ਖੇੜਾ) : ਪੰਜਾਬ ਸਰਕਾਰ ਵਲੋਂ ਸਥਾਨਕ ਗੋਨੇਆਣਾ ਰੋਡ 'ਤੇ ਰੈਣ ਬਸੇਰਾ ਬਣਾਇਆ ਗਿਆ ਹੈ ਜਿਥੇ ਕੋਈ ਵੀ ਰਾਹਗੀਰ ਆ ਕੇ ਰਹਿ ਸਕਦਾ ਹੈ। ਦੱਸ ਦੇਈਏ ਕਿ ਸਰਕਾਰ ਵਲੋਂ ਬਣਾਏ ਇਸ ਰੈਣ ਬਸੇਰਾ ਵਿਚ ਹਰ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਇਸ ਮੌਕੇ ਇਥੇ ਰਹਿ ਰਹੇ ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ ਤਾਲਾਬੰਦੀ ਦੌਰਾਨ ਇਥੇ ਆਏ ਸਨ ਅਤੇ ਤਕਰੀਬਨ ਇੱਕ ਸਾਲ ਤੋਂ ਇਥੇ ਹੀ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਇਥੇ ਰਹਿੰਦਿਆਂ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਤੰਗੀ ਨਹੀਂ ਹੈ।
ਉਨ੍ਹਾਂ ਨੂੰ ਖਾਣ-ਪੀਣ, ਭੋਜਨ ਆਦਿ ਸਭ ਕੁਝ ਮਿਲਦਾ ਹੈ ਅਤੇ ਗਰਮ ਪਾਣੀ ਦੇ ਪ੍ਰਬੰਧ ਲਈ ਗੀਜ਼ਰ ਵੀ ਲੱਗੇ ਹੋਏ ਹਨ। ਇਸ ਤੋਂ ਇਲਾਵਾ ਬਿਮਾਰ ਹੋਣ 'ਤੇ ਦਵਾਈ ਵੀ ਮੁਹਈਆ ਕਰਵਾਈ ਜਾਂਦੀ ਹੈ।
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਰੈਣ ਬਸੇਰੇ ਪੰਜਾਬ ਸਰਕਾਰ ਵਲੋਂ ਫੁੱਟਪਾਥ 'ਤੇ ਸੌਣ ਵਾਲੇ ਲੋੜਵੰਦਾਂ ਲਈ ਬਣਾਏ ਗਏ ਹਨ ਪਰ ਜਦੋਂ ਕੋਈ ਕਾਨਫ਼ਰੰਸ ਜਾਂ ਕੋਈ ਮੇਲਾ ਹੁੰਦਾ ਹੈ ਤਾਂ ਡਿਊਟੀ 'ਤੇ ਤੈਨਾਤ ਮੁਲਾਜ਼ਮ ਵੀ ਇਥੇ ਆ ਕੇ ਰਹਿੰਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਰਾਹਗੀਰ ਵੀ ਰਹਿਣਾ ਚਾਹਵੇ ਤਾਂ ਆਪਣਾ ਪਛਾਣ-ਪੱਤਰ ਦਿਖਾ ਕੇ ਇਥੇ ਰਹਿ ਸਕਦਾ ਹੈ।
ਰੈਣ ਬਸੇਰਾ ਵਿਚ ਰਹਿ ਰਹੇ ਭਗਵਾਨ ਦਾਸ ਨੇ ਦੱਸਿਆ ਕਿ ਉਹ ਸ੍ਰੀ ਮੁਕਤਸਰ ਸਾਹਿਬ ਦੇ ਹੀ ਰਹਿਣ ਵਾਲੇ ਹਨ ਪਰ 2017 ਵਿਚ ਹਲਕੇ ਕੁੱਤੇ ਨੇ ਉਨ੍ਹਾਂ ਨੂੰ ਵੱਢ ਲਿਆ ਸੀ ਜਿਸ 'ਤੇ ਉਨ੍ਹਾਂ ਨੂੰ ਆਪਣੇ ਪਰਵਾਰ ਤੋਂ ਅਲਗ ਹੋਣਾ ਪਿਆ। ਉਦੋਂ ਤੋਂ ਹੀ ਉਹ ਇਥੇ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਵਾਂਗੂ ਹੀ ਇਥੇ ਅਪਣੱਤ ਅਤੇ ਪਿਆਰ ਮਿਲ ਰਿਹਾ ਹੈ।
ਦੱਸ ਦੇਈਏ ਕਿ ਇਸ ਰੈਣ ਬਸੇਰਾ ਵਿਚ ਕਈ ਮੰਦਬੁਧੀ ਵਿਅਕਤੀ ਵੀ ਰਹਿ ਰਹੇ ਹਨ ਜਿਨ੍ਹਾਂ ਨੂੰ ਵੱਡਾ ਆਸਰਾ ਮਿਲਿਆ ਹੋਇਆ ਹੈ ਅਤੇ ਉਨ੍ਹਾਂ ਦੀ ਦੇਖ ਭਾਲ ਕੀਤੀ ਜਾਂਦੀ ਹੈ। ਇਸ ਮੌਕੇ ਇਥੋਂ ਦੇ ਪ੍ਰਬੰਧਕ ਸਮਰ ਸਿੰਘ ਨੇ ਗਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਵਲੋਂ ਕੀਤਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੋ ਸਹੂਲਤਾਂ ਦਿਤੀਆਂ ਗਈਆਂ ਹਨ ਉਹ 100 ਫੀ ਸਦੀ ਲੋਕਾਂ ਦੇ ਕੰਮ ਆ ਰਹੀਆਂ ਹਨ ਅਤੇ ਉਨ੍ਹਾਂ ਲਈ ਉਹ ਸਰਕਾਰ ਦੇ ਬਹੁਤ ਧਨਵਾਦੀ ਹਨ।