ਦਰਬਾਰ ਸਾਹਿਬ ਬੇਅਦਬੀ ਮਾਮਲੇ 'ਚ ਵੱਡਾ ਖ਼ੁਲਾਸਾ, 15 ਦਸੰਬਰ ਤੋਂ ਅੰਮ੍ਰਿਤਸਰ 'ਚ ਮੌਜੂਦ ਸੀ ਮੁਲਜ਼ਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

17 ਦਸੰਬਰ ਨੂੰ ਮੁਲਜ਼ਮ ਨੇ ਅੱਠ ਵਾਰ ਮੱਥਾ ਟੇਕਿਆ

sri darbar sahib beadbi case : Accused has been present in Amritsar since December 15

ਚੰਡੀਗੜ੍ਹ : ਸ੍ਰੀ ਹਰਿਮੰਦਰ ਸਾਹਿਬ ’ਚ ਵਾਪਰੀ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ 'ਚ ਭਾਵੇਂ ਕਿ ਮੁਲਜ਼ਮ ਦੀ ਸ਼ਨਾਖਤ ਨਹੀਂ ਹੋ ਸਕੀ ਪਰ ਪੰਜਾਬ ਪੁਲਿਸ ਵਲੋਂ ਆਏ ਦਿਨ ਨਵੇਂ ਖ਼ੁਲਾਸੇ ਕੀਤੇ ਜਾ ਰਹੇ ਹਨ ਅਤੇ ਇਸ ਦੇ ਚਲਦਿਆਂ ਹੀ ਜਾਂਚ ਦੌਰਾਨ ਪੰਜਾਬ ਪੁਲਿਸ ਵਲੋਂ ਵੱਡਾ ਖ਼ੁਲਾਸਾ ਕੀਤਾ ਗਿਆ ਹੈ।

ਜਾਂਚ ਦੌਰਾਨ ਪਤਾ ਲੱਗਾ ਹੈ ਕਿ ਬੇਅਦਬੀ ਦੀ ਕੋਸ਼ਿਸ਼ ਲਈ ਆਇਆ ਅਣਪਛਾਤਾ ਵਿਅਕਤੀ ਇੱਕ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਅੱਠ ਵਾਰ ਮੱਥਾ ਟੇਕਦਾ ਹੈ ਅਤੇ ਜਿਸ ਦਿਨ ਬੇਅਦਬੀ ਦੀ ਕੋਸ਼ਿਸ਼ ਵਾਲੀ ਘਟਨਾ ਵਾਪਰੀ ਉਸ ਦਿਨ ਵੀ ਮੁਲਜ਼ਮ ਨੇ ਚਾਰ ਵਾਰ ਮੱਥਾ ਟੇਕਿਆ ਗਿਆ ਸੀ। ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿਚ ਲਗਾਤਾਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੂਟੇਜ ਖੰਗਾਲੀ ਜਾ ਰਹੀ ਹੈ।

ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਐੱਸ. ਆਈ. ਟੀ. ਦੇ ਮੁਖੀ ਅੰਮ੍ਰਿਤਸਰ ਪੁਲਿਸ ਦੇ ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਉਕਤ ਮੁਲਜ਼ਮ 15 ਦਸੰਬਰ ਤੋਂ ਅੰਮ੍ਰਿਤਸਰ ਵਿਚ ਸੀ। ਉਹ 16, 17 ਅਤੇ 18 ਦਸੰਬਰ ਨੂੰ ਕਈ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਿਆ। 17 ਦਸੰਬਰ ਨੂੰ ਉਸ ਨੇ ਲਗਪਗ 8 ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ 18 ਦਸੰਬਰ ਨੂੰ ਲਗਭਗ ਚਾਰ ਵਾਰ ਮੱਥਾ ਟੇਕਿਆ।

ਇਸ ਦੌਰਾਨ ਇਕ ਰਾਤ ਉਹ ਧਰਮ ਸਿੰਘ ਮਾਰਕੀਟ ਵਿਖੇ ਮਾਰਕੀਟ ਦੇ ਬਾਹਰ ਬਣੇ ਵਰਾਂਡਿਆਂ ਵਿਚ ਸੁੱਤਾ ਰਿਹਾ। ਉਸ ਰਾਤ ਉਸ ਨੇ ਉੱਥੇ ਕੁੱਤਿਆਂ ਲਈ ਵਿਛਾਇਆ ਇਕ ਕੰਬਲ ਆਪਣੇ ਉੱਪਰ ਲੈ ਲਿਆ ਸੀ ਅਤੇ ਸਵੇਰ ਵੇਲੇ ਉੱਥੇ ਚੌਕੀਦਾਰ ਨੇ ਉਸ ਨੂੰ ਦੁਕਾਨਾਂ ਅੱਗੋਂ ਉਠਾਇਆ।

ਇਨ੍ਹਾਂ ਦਿਨਾਂ ਦੌਰਾਨ ਉਹ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਅਤੇ ਆਲੇ ਦੁਆਲੇ ਘੁੰਮਦਾ ਰਿਹਾ। ਦੱਸ ਦੇਈਏ ਕਿ ਪੁਲਿਸ ਵਲੋਂ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਉਕਤ ਵਿਅਕਤੀ ਦੀ ਕੋਈ ਸ਼ਨਾਖ਼ਤ ਜਾਂ ਅਤਾ-ਪਤਾ ਨਹੀਂ ਮਿਲਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਭਾਵੇਂ ਉਕਤ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਪਰ ਬੀਤੇ ਦਿਨੀਂ ਪੁਲਸ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸਸਕਾਰ ਵੀ ਕਰਵਾ ਦਿਤਾ ਹੈ।

ਇਸ ਤੋਂ ਇਲਾਵਾ ਡਾਕਟਰਾਂ ਵਲੋਂ ਮ੍ਰਿਤਕ ਦੀਆਂ ਤਸਵੀਰਾਂ ਅਤੇ ਡੀ. ਐੱਨ. ਏ. ਜਾਂਚ ਲਈ ਵਿਸ਼ੇਸ਼ ਅੰਗ ਰੱਖੇ ਗਏ ਹਨ। ਮ੍ਰਿਤਕ ਦਾ ਵਿਸਰਾ ਕੱਢ ਕੇ ਸਰਕਾਰੀ ਲੈਬਾਰਟਰੀ ਖਰੜ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਜਾਂਚ ਲਈ ਭੇਜ ਦਿਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਪੁਲਿਸ ਵਲੋਂ ਮੁਲਜ਼ਮ ਦੀ ਸ਼ਨਾਖਤ ਕਰਨ ਅਤੇ ਉਸ ਬਾਰੇ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਲਈ ਪੁਲਿਸ ਵਲੋਂ ਮੁਲਜ਼ਮ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਲੱਖਾਂ ਰੁਪਏ ਦਾ ਇਨਾਮ ਵੀ ਦੇਣ ਦੀ ਗੱਲ ਆਖੀ ਹੈ।