ਸੰਤ ਅਜੀਤ ਸਿੰਘ ਪ੍ਰਵਾਰ ਵਿਛੋੜੇ ਵਾਲਿਆਂ ਨੂੰ ਹਜ਼ਾਰਾਂ ਸੰਗਤਾਂ ਵਲੋਂ ਸੇਜਲ ਅੱਖਾਂ ਨਾਲ ਅੰਤਮ ਵਿਦਾਈ
ਸੰਤ ਅਜੀਤ ਸਿੰਘ ਪ੍ਰਵਾਰ ਵਿਛੋੜੇ ਵਾਲਿਆਂ ਨੂੰ ਹਜ਼ਾਰਾਂ ਸੰਗਤਾਂ ਵਲੋਂ ਸੇਜਲ ਅੱਖਾਂ ਨਾਲ ਅੰਤਮ ਵਿਦਾਈ
ਕੁਰਾਲੀ, 23 ਦਸੰਬਰ (ਸੁਖਜਿੰਦਰ ਸੋਢੀ) : ਇੱਥੋਂ ਨੇੜਲੇ ਪਿੰਡ ਨਿਹੋਲਕਾ ਵਿਖੇ ਅੱਜ ਪੰਜਾਬ ਦੀ ਉੱਘੀ ਧਾਰਮਿਕ ਸ਼ਖ਼ਸ਼ੀਅਤ ਸਵ. ਸੰਤ ਅਜੀਤ ਸਿੰਘ ਪ੍ਰਵਾਰ ਵਿਛੋੜੇ ਵਾਲਿਆਂ ਨੂੰ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਵਲੋਂ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ ਦਿਤੀ ਗਈ। ਗੁਰਦੁਆਰਾ ਸ੍ਰੀ ਸੰਗਤਸਰ ਸਾਹਿਬ ਪਿੰਡ ਨਿਹੋਲਕਾ ਵਿਖੇ ਉਨ੍ਹਾਂ ਦੇ ਅੰਤਮ ਸਸਕਾਰ ਮੌਕੇ ਸੰਤ ਜੀ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਭਰਾ ਨੰਬਰਦਾਰ ਗੁਰਦੇਵ ਸਿੰਘ, ਸੰਤ ਅਵਤਾਰ ਸਿੰਘ ਕਾਰ ਸੇਵਾ ਗੁਰਦੁਆਰਾ ਹੈਡ ਦਰਬਾਰ ਕੋਟ ਪਰਾਣ ਟਿੱਬੀ ਸਾਹਿਬ, ਜਥੇਦਾਰ ਬਹਾਦਰ ਸਿੰਘ ਸ਼ੇਖਪੁਰਾ, ਸੰਤ ਜੀ ਦੇ ਸੇਵਾਦਾਰ ਕੁਲਦੀਪ ਸਿੰਘ ਸੇਵਾਦਾਰ ਅਤੇ ਮਾ. ਸਪਿੰਦਰ ਸਿੰਘ ਨਿਹੋਲਕਾ ਨੇ ਵਿਖਾਈ। ਇਸ ਮੌਕੇ ਭਾਈ ਕਰਨੈਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਜਗਤਾਰ ਸਿੰਘ ਹਜੂਰੀ ਰਾਗੀ ਸ੍ਰੀ ਕੇਸਗੜ੍ਹ ਸਾਹਿਬ, ਭਾਈ ਗੁਰਬਾਜ ਸਿੰਘ ਹਜੂਰੀ ਰਾਗੀ ਸ੍ਰੀ ਕੇੇਸਗੜ੍ਹ ਸਾਹਿਬ ਨੇ ਸੰਗਤਾਂ ਨੂੰ ਵੈਰਾਗਮਈ ਕੀਰਤਨ ਦੁਆਰਾ ਨਿਹਾਲ ਕੀਤਾ ਅਤੇ ਗੁਰੁਦਆਰਾ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਹੈਡ ਗ੍ਰੰਥੀ ਨੇ ਅਰਦਾਸ ਕੀਤੀ। ਇਸ ਮੌਕੇ ਪਹੁੰਚੀਆਂ ਸ਼ਖ਼ਸ਼ੀਅਤਾਂ ਵਿਚ ਰਾਣਾ ਕੇ.ਪੀ. ਸਿੰਘ ਸਪੀਕਰ ਵਿਧਾਨ ਸਭਾ ਪੰਜਾਬ, ਡਾ. ਦਲਜੀਤ ਸਿੰਘ ਚੀਮਾ ਸਾਬਕਾ ਮੰਤਰੀ ਪੰਜਾਬ, ਅਮਰਜੀਤ ਸਿੰਘ ਸੰਦੋਆ ਵਿਧਾਇਕ ਰੂਪਨਗਰ, ਪ੍ਰਿੰ. ਸੁਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਬੰਸ ਸਿੰਘ ਮੰਝਪੁਰ, ਅਮਰਜੀਤ ਸਿੰਘ ਚਾਵਲਾ, ਚਰਨਜੀਤ ਸਿੰਘ ਕਾਲੇਵਾਲ ਸਾਰੇ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਬੰਸ ਸਿੰਘ ਕੰਧੋਲਾ, ਗੁਰਿੰਦਰ ਸਿੰਘ ਗੋਗੀ, ਜਰਨੈਲ ਸਿੰਘ ਔਲਖ, ਪ੍ਰੀਤਮ ਸਿੰਘ ਸੱਲੋਮਾਜਰਾ ਸਾਰੇ ਸਾਬਕਾ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਰਵਿੰਦਰ ਸਿੰਘ ਪੈਂਟਾ, ਭਾਈ ਇਕਬਾਲ ਸਿੰਘ ਲਾਲਪੁਰਾ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਭਾਰਤ ਸਰਕਾਰ, ਹਰਪ੍ਰੀਤ ਸਿੰਘ ਬਸੰਤ, ਜਥੇਦਾਰ ਤੇਜਪਾਲ ਸਿੰਘ ਕੁਰਾਲੀ, ਮਨਜੀਤ ਸਿੰਘ ਮੁੰਧੋਂ, ਸਰਬਜੀਤ ਸਿੰਘ ਕਾਦੀਮਾਜਰਾ, ਬਾਬਾ ਸਕਿੰਦਰ ਸਿੰਘ ਮਾਣਕਪੁਰ ਸ਼ਰੀਫ, ਬਾਬਾ ਸਤਨਾਮ ਸਿੰਘ ਰੋਪੜ, ਭੁਪਿੰਦਰ ਸਿੰਘ ਬਜਰੂੜ, ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ, ਗੁਰਮੀਤ ਸਿੰਘ ਨਿਹੋਲਕਾ, ਸੋਹਣ ਸਿੰਘ ਵਕੀਲ, ਜਸਪਾਲ ਸਿੰਘ ਡੀ.ਐਸ.ਪੀ, ਬਾਬਾ ਸੁਰਜਨ ਸਿੰਘ ਪਿਹੋਵੇ ਵਾਲੇ, ਬੀਬੀ ਕਮਲਜੀਤ ਕੌਰ ਸੋਲਖੀਆਂ ਦਾ ਜਥਾ ਸਮੇਤ ਗਵਾਲੀਅਰ, ਨਵਾਂ ਸ਼ਹਿਰ ਬਛੌੜੀ, ਅਜਨਾਲਾ, ਸ੍ਰੀ ਆਨੰਦਪੁਰ ਸਾਹਿਬ, ਧੂਲੀਆ, ਪਰਿਵਾਰ ਵਿਛੋੜਾ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। ਇਸ ਮੌਕੇ ਸਵ. ਸੰਤ ਅਜੀਤ ਸਿੰਘ ਦੇ ਅਤਿ ਨਜਦੀਕੀ ਜਥੇਦਾਰ ਬਹਾਦਰ ਸਿੰਘ ਸ਼ੇਖਪੁਰਾ ਨੇ ਦੱਸਿਆ ਕਿ ਸੰਤ ਅਜੀਤ ਸਿੰਘ ਪ੍ਰਵਾਰ ਵਿਛੋੜੇ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ, ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ, ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਡਾ. ਸੁਖਵੰਤ ਸਿੰਘ ਮੋਹੀ ਸਾਬਕਾ ਵਿਧਾਇਕ, ਡਾ. ਹਰਪ੍ਰਤਾਪ ਸਿੰਘ ਅਜਨਾਲਾ ਅਤੇ ਭਾਈ ਜਗਦੀਸ਼ ਸਿੰਘ ਇੰਗਲੈਂਡ ਨੇ ਫੋਨ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਵ. ਸੰਤ ਅਜੀਤ ਸਿੰਘ ਪ੍ਰਵਾਰ ਵਿਛੋੜੇ ਵਾਲਿਆਂ ਦੀਆਂ ਅਸਥੀਆਂ ਅੱਜ 24 ਦਸੰਬਰ ਨੂੰ ਸਵੇਰੇ 10 ਵਜੇ ਚੁਗੀਆਂ ਜਾਣਗੀਆਂ ਅਤੇ ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਸੰਤ ਅਜੀਤ ਸਿੰਘ ਪ੍ਰਵਾਰ ਵਿਛੋੜੇ ਵਾਲਿਆਂ ਦੀ ਨਮਿੱਤ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 2 ਜਨਵਰੀ 2022 ਦਿਨ ਐਤਵਾਰ ਨੂੰ ਗੁਰਦੁਆਰਾ ਸੰਗਤਸਰ ਸਾਹਿਬ ਨਿਹੋਲਕਾ ਵਿਖੇ ਕੀਤਾ ਜਾਵੇਗਾ।