ਵਿਧਾਇਕਾ ਮਾਣੂੰਕੇ ਵੱਲੋਂ ਨਾਨਕਸਰ ਵਾਸਤੇ ਨਵੇਂ 11 ਕੇਵੀ ਫੀਡਰ ਦੀ ਸ਼ੁਰੂਆਤ
ਇਲਾਕੇ ਦੇ ਅੱਧੀ ਦਰਜਨ ਪਿੰਡਾਂ ਨੂੰ ਵੀ ਘੱਟ ਵੋਲਟੇਜ਼ ਤੋ ਮਿਲੇਗੀ ਰਾਹਤ
ਜਗਰਾਉਂ - ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਲਕੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਬਿਜਲੀ ਵਿਭਾਗ ਨਾਲ ਸਬੰਧਿਤ ਹੋਰ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹਨ। ਬੀਬੀ ਮਾਣੂੰਕੇ ਵੱਲੋਂ ਗਾਲਿਬ ਕਲਾਂ ਗਰਿੱਡ ਤੋਂ ਨਵਾਂ ਸ਼ੇਖਦੌਲਤ ਫੀਡਰ ਅਤੇ ਬਿਜਲੀ ਦੇ ਸੜੇ ਹੋਏ ਟਰਾਸਫਾਰਮਰ ਬਦਲੀ ਕਰਨ ਲਈ ਟੀ.ਆਰ.ਵਾਈ.ਉਪ ਮੰਡਲ ਚਾਲੂ ਕਰਨ ਤੋਂ ਬਾਅਦ ਹੁਣ ਬਾਬਾ ਨੰਦ ਸਿੰਘ ਦੀ ਵਰੋਸਾਈ ਧਰਤੀ ਨਾਨਕਸਰ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਨਵੇਂ 11 ਕੇਵੀ ਗੁਰੂਸਰ ਫੀਡਰ ਦਾ ਅੱਜ ਉਦਘਾਟਨ ਕਰ ਦਿੱਤਾ ਗਿਆ।
ਇਸ ਨਵੇਂ ਫੀਡਰ ਦੇ ਚਾਲੂ ਹੋਣ ਨਾਲ ਜਿੱਥੇ ਨਾਨਕਸਰ ਦੀਆਂ ਸੰਗਤਾਂ ਨੂੰ ਵੱਡੀ ਰਾਹਤ ਮਿਲੇਗੀ, ਉਥੇ ਹੀ ਕਾਉਂਕੇ ਕਲੋਨੀਆਂ, ਗੁਰੂਸਰ, ਕੋਠੇ ਹਰੀ ਸਿੰਘ ਅਤੇ ਜੀ.ਟੀ.ਰੋਡ ਦੇ ਕਮਰਸ਼ੀਅਲ ਖਪਤਕਾਰਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸੇ ਤਰਾਂ ਹੀ ਪਹਿਲਾਂ ਤੋਂ ਚੱਲ ਰਹੇ 11 ਕੇਵੀ ਸ਼ੂਗਰ ਮਿੱਲ ਫੀਡਰ ਤੋਂ ਲੋਡ ਉਤਰ ਜਾਣ ਕਾਰਨ ਅੱਧੀ ਦਰਜ਼ਨ ਹੋਰ ਪਿੰਡਾਂ ਨੂੰ ਘੱਟ ਵੋਲਟੇਜ਼ ਦੀ ਸਮੱਸਿਆ ਤੋਂ ਵੱਡੀ ਨਿਯਾਤ ਮਿਲੇਗੀ।
66 ਕੇਵੀ ਅਗਵਾਲ ਲੋਪੋ ਜਗਰਾਉਂ ਵਿਖੇ ਨਵੇਂ 11 ਕੇਵੀ ਗੁਰੂਸਰ ਫੀਡਰ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ਼ ਕਰਨ ਦੇ ਨਾਲ ਨਾਲ 600 ਯੂਨਿਟ ਬਿਜਲੀ ਮੁਆਫ਼ ਕਰਕੇ ਵੱਡੀ ਰਾਹਤ ਦਿੱਤੀ ਹੈ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਝਾਰਖੰਡ ਤੋਂ ਕੋਲੇ ਦੀ ਖਾਣ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਝਾਰਖੰਡ ਤੋਂ ਪਹਿਲੀ ਟਰੇਨ ਕੋਲੇ ਦੀ ਭਰਕੇ ਪੰਜਾਬ ਪਹੁੰਚ ਵੀ ਚੁੱਕੀ ਹੈ
ਜਿਸ ਨਾਲ ਹੁਣ ਥਰਮਲ ਪਲਾਟਾਂ ਤੋਂ ਬਿਜਲੀ ਪੈਦਾ ਕਰਨ ਲਈ ਕੋਲੇ ਦੀ ਕੋਈ ਘਾਟ ਨਹੀਂ ਰਹੇਗੀ ਤੋ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇਗੀ। ਬੀਬੀ ਮਾਣੂੰਕੇ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਬਾਬਾ ਨੰਦ ਸਿੰਘ ਦੀ ਧਰਤੀ ਨਾਨਕਸਰ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਨਵੇਂ 11 ਕੇਵੀ ਗੁਰੂਸਰ ਫੀਡਰ ਦੀ ਸ਼ੁਰੂਆਤ ਕਰਕੇ ਜਿੱਥੇ ਇੱਕ ਸੁਪਨਾਂ ਪੂਰਾ ਹੋਇਆ ਹੈ ਉਥੇ ਹੀ ਮਨ ਨੂੰ ਵੀ ਅਧਿਆਤਮਕ ਸਕੂਨ ਮਿਲਿਆ ਹੈ। ਇਸ ਮੌਕੇ ਬੋਲਦੇ ਹੋਏ ਐਕਸੀਅਨ ਜਗਰਾਉਂ ਇੰਜ:ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਨਵੇਂ 11 ਕੇਵੀ ਗੁਰੂਸਰ ਫੀਡਰ ਨੂੰ ਉਸਾਰਨ ਲਈ ਲਗਭਗ 22 ਲੱਖ ਰੁਪਏ ਦਾ ਖਰਚਾ ਆਇਆ ਹੈ ਅਤੇ ਫੀਡਰ ਦੀ ਉਸਾਰੀ ਦਾ ਕੰਮ ਵਿਧਾਇਕਾ ਮਾਣੂੰਕੇ ਦੇ ਸਹਿਯੋਗ ਸਦਕਾ ਨੇਪਰੇ ਚੜ੍ਹਿਆ ਹੈ।