Chandigarh News: ਗੁਰਦੁਆਰਾ ਸੰਤਸਰ ਸਾਹਿਬ, ਚੰਡੀਗੜ੍ਹ ਵਿਖੇ ਲਗਾਇਆ ਗਿਆ ਦਵਾਈਆਂ ਦਾ ਲੰਗਰ
Shaheedi Diwas: ਚੰਡੀਗੜ੍ਹ ਵਿਖੇ ਲਗਾਇਆ ਗਿਆ ਦਵਾਈਆਂ ਦਾ ਲੰਗਰ
Shaheedi Diwas 2023: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿੱਖ ਸੰਗਤਾਂ ਵੱਲੋਂ ਯਾਦ ਕੀਤਾ ਜਾ ਰਿਹਾ ਹੈ। ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਸਿੱਖ ਸੰਗਤਾਂ ਵੱਲੋਂ ਨਤਮਸਤਕ ਹੋ ਕੇ ਸੇਵਾ ਕੀਤੀ ਜਾ ਰਹੀ ਹੈ। ਇਸ ਤਹਿਤ ਹੀ ਸਿੱਖ ਸੰਗਤਾਂ ਲਈ ਗੁਰਦੁਆਰਾ ਮੋਤੀ ਰਾਮ ਮਹਿਰਾ ਜੀ ਰੋਡ 'ਤੇ ਸਥਿਤ ਫਤਿਹ ਨਿਸ਼ਾਨ ਸਾਹਿਬ ਭਵਨ ਵਿੱਚ ਦਵਾਈਆਂ ਦਾ ਲੰਗਰ ਲਾਇਆ ਗਿਆ। ਸੰਗਤਾਂ ਲਈ ਇਹ ਵਿਸ਼ੇਸ਼ ਉਪਰਾਲਾ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲੇ ਅਤੇ ਸੈਕਟਰ 38 ਵੈਸਟ ਸਥਿਤ ਗੁਰਦੁਆਰਾ ਸੰਤਸਰ ਸਾਹਿਬ ਸੇਵਾ ਟਰੱਸਟ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਟਰੱਸਟ ਵੱਲੋਂ ਦਵਾਈਆਂ ਦੇ ਲੰਗਰ ਦਾ ਇਹ ਵਿਸ਼ੇਸ਼ ਉਪਰਾਲਾ 20 ਦਸੰਬਰ ਤੋਂ ਸ਼ੁਰੂ ਹੋਇਆ ਹੈ, ਜੋ ਕਿ 5 ਜਨਵਰੀ ਤੱਕ ਜਾਰੀ ਰਹੇਗਾ। ਗੁਰਦੁਆਰਾ ਸਾਹਿਬ ਵਿੱਚ ਹਰ ਆਉਂਦੇ ਜਾਂਦੇ ਸ਼ਰਧਾਲੂ ਵੱਲੋਂ ਜਿਥੇ ਰੋਟੀ ਪਾਣੀ ਦਾ ਲੰਗਰ ਛਕਿਆ ਗਿਆ, ਉਥੇ ਦਵਾਈਆਂ ਦੇ ਲੰਗਰ ਵੱਲ ਵੀ ਰੁਚੀ ਵਿਖਾਈ। ਸੰਗਤਾਂ ਨੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਡਾਕਟਰਾਂ ਨੂੰ ਚੈਕਅਪ ਕਰਵਾ ਕੇ ਦਵਾਈਆਂ ਲਈਆਂ।
ਲੰਗਰ ਦੀ ਖਾਸ ਗੱਲ ਇਹ ਰਹੀ ਕਿ ਕਈ ਸ਼ਰਧਾਲੂ ਦੂਰੋਂ ਦੂਰੋਂ ਵੀ ਦਵਾਈ ਲੈਣ ਆਏ। ਇਨ੍ਹਾਂ ਸ਼ਰਧਾਲੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਵਧੀਆ ਲੱਗਿਆ ਕਿ ਇਥੇ ਦਵਾਈਆਂ ਦਾ ਲੰਗਰ ਲੱਗਿਆ ਹੋਇਆ ਸੀ, ਜਿਥੋਂ ਉਨ੍ਹਾਂ ਨੇ ਦਰਦ ਦੀਆਂ ਦਵਾਈਆਂ ਲਈਆਂ। ਉਨ੍ਹਾਂ ਕਿਹਾ ਕਿ ਇਸ ਲੰਗਰ ਨਾਲ ਹਰ ਆਉਂਦੇ ਜਾਂਦੇ ਸ਼ਰਧਾਲੂ ਨੂੰ ਬਹੁਤ ਫਾਇਦਾ ਪਹੁੰਚ ਰਿਹਾ ਹੈ।
25 ਦਸੰਬਰ ਨੂੰ ਲਾਇਆ ਜਾਵੇਗਾ ਦਸਤਾਰਾਂ ਦਾ ਲੰਗਰ
ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਦਵਾਈਆਂ ਦੇ ਲੰਗਰ ਤੋਂ ਇਲਾਵਾ ਹੁਣ 25 ਦਸੰਬਰ ਨੂੰ ਸਵੇਰੇ 10 ਵਜੇ ਇੱਕ ਹੋਰ ਉਪਰਾਲਾ ਕੀਤਾ ਜਾ ਰਿਹਾ ਹੈ, ਜੋ ਕਿ ਦਸਤਾਰਾਂ ਦਾ ਲੰਗਰ ਹੋਵੇਗਾ। ਉਨ੍ਹਾਂ ਦੱਸਿਆ ਕਿ ਜਿਹੜੇ ਸਿੱਖ ਨੌਜਵਾਨ ਸਿਰ 'ਤੇ ਦਸਤਾਰ ਨਹੀਂ ਸਜਾਉਂਦੇ, ਉਨ੍ਹਾਂ ਦੇ ਕੈਂਪ ਦੌਰਾਨ ਫ੍ਰੀ ਦਸਤਾਰਾਂ ਸਜਾਈਆਂ ਜਾਣਗੀਆਂ। ਉਨ੍ਹਾਂ ਸਮੂਹ ਸੰਗਤਾਂ ਤੇ ਨੌਜਵਾਨਾਂ ਨੂੰ ਇਸ ਦਾ ਵੱਧ ਚੜ੍ਹ ਕੇ ਲਾਹਾ ਲੈਣ ਦੀ ਅਪੀਲ ਕੀਤੀ।
(For more news apart from Medicine langar installed at Gurdwara Santsar Sahib in Chandigarh news in punjabi tuned to Rozana Spokesman)