Punjab News: ਹੁਸ਼ਿਆਰਪੁਰ 'ਚ ਨੌਜਵਾਨ ਦਾ ਕਤਲ ਕਰ ਕੇ ਭੱਜ ਰਹੇ ਹਮਲਾਵਰਾਂ ਦੀ ਕਾਰ ਹੋਈ ਹਾਦਸਾਗ੍ਰਸਤ, 1 ਦੀ ਮੌਤ ਤੇ 4 ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਇਹ ਘਟਨਾ ਦੇਰ ਰਾਤ ਗੜ੍ਹਦੀਵਾਲਾ ਬੱਸ ਸਟੈਂਡ ਵਿਖੇ ਵਾਪਰੀ

Car of assailants fleeing after killing youth in Hoshiarpur meets with accident, 1 dead, 4 injured

 

Punjab News: ਹੁਸ਼ਿਆਰਪੁਰ 'ਚ 5 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੌਜਵਾਨ ਦਾ ਕਤਲ ਕਰ ਦਿਤਾ। ਜਦਕਿ ਦੂਜਾ ਗੰਭੀਰ ਜ਼ਖ਼ਮੀ ਹੈ। ਭੱਜਦੇ ਸਮੇਂ ਹਮਲਾਵਰਾਂ ਦੀ ਕਾਰ ਟਰੈਕਟਰ ਟਰਾਲੀ ਨਾਲ ਟਕਰਾ ਗਈ। ਜਿਸ ਕਾਰਨ 4 ਜ਼ਖਮੀ ਹੋ ਗਏ ਅਤੇ ਇਕ ਦੀ ਮੌਤ ਹੋ ਗਈ।

ਇਹ ਘਟਨਾ ਦੇਰ ਰਾਤ ਗੜ੍ਹਦੀਵਾਲਾ ਬੱਸ ਸਟੈਂਡ ਵਿਖੇ ਵਾਪਰੀ। ਮ੍ਰਿਤਕ ਦੀ ਪਛਾਣ ਅਵਿਨਾਸ਼ ਵਾਸੀ ਮਿਰਜ਼ਾਪੁਰ ਵਜੋਂ ਹੋਈ ਹੈ। ਉਸ ਦੇ ਸਾਥੀ ਗਗਨਦੀਪ ਸਿੰਘ ਨੂੰ ਦਸੂਹਾ ਸਿਵਲ ਹਸਪਤਾਲ ਵਿਖੇ ਮੁੱਢਲੀ ਸਹਾਇਤਾ ਤੋਂ ਬਾਅਦ ਜਲੰਧਰ ਰੈਫ਼ਰ ਕਰ ਦਿਤਾ ਗਿਆ।

ਹਮਲਾਵਰਾਂ ਦੀ ਪਛਾਣ ਰਿਸ਼ੀ, ਨਵਜੋਤ, ਗੌਰਵ, ਰਵੀ, ਰਵਜੋਤ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਰਿਸ਼ੀ ਨਵਜੋਤ ਨੂੰ ਅੰਮ੍ਰਿਤਸਰ ਰੈਫਰ ਕਰ ਦਿਤਾ ਗਿਆ। ਜਿੱਥੇ ਰਿਸ਼ੀ ਦੀ ਅੱਧ ਰਸਤੇ ਵਿਚ ਹੀ ਮੌਤ ਹੋ ਗਈ। ਬਾਕੀਆਂ ਦਾ ਦਸੂਹਾ ਵਿਚ ਇਲਾਜ ਚਲ ਰਿਹਾ ਹੈ।

ਘਟਨਾ ਤੋਂ ਬਾਅਦ ਥਾਣਾ ਦਸੂਹਾ, ਗੜ੍ਹਦੀਵਾਲਾ, ਟਾਂਡਾ ਦੀ ਪੁਲਿਸ ਨੇ ਹਸਪਤਾਲ ਪਹੁੰਚ ਕੇ ਬਿਆਨ ਦਰਜ ਕੀਤੇ। ਇਸ ਮਾਮਲੇ 'ਚ ਪੁਲਿਸ ਘਟਨਾ ਦੇ ਕਾਰਨਾਂ ਦੀ ਵੀ ਜਾਂਚ ਕਰ ਰਹੀ ਹੈ।

ਦਸੂਹਾ ਥਾਣਾ ਇੰਚਾਰਜ ਪ੍ਰਭਜੋਤ ਕੌਰ ਨੇ ਦਸਿਆ ਕਿ ਇਹ ਘਟਨਾ ਗੜ੍ਹਦੀਵਾਲਾ ਇਲਾਕੇ ਦੀ ਹੈ। ਵੱਡੀ ਵਾਰਦਾਤ ਹੋਣ ਦੀ ਸੂਚਨਾ ਸਾਡੇ ਥਾਣੇ ਨੂੰ ਮਿਲੀ। ਜਿਸ ਕਾਰਨ ਅਸੀਂ ਹਸਪਤਾਲ ਪਹੁੰਚ ਕੇ ਗੜ੍ਹਦੀਵਾਲਾ ਪੁਲਿਸ ਦਾ ਸਹਿਯੋਗ ਕਰ ਰਹੇ ਹਾਂ।

ਉਨ੍ਹਾਂ ਦਸਿਆ ਕਿ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਪਹਿਲਾਂ ਗੜ੍ਹਦੀਵਾਲਾ ਇਲਾਕੇ ਵਿੱਚ ਦੋ ਨੌਜਵਾਨਾਂ ’ਤੇ ਹਮਲਾ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਇਸ ਦੌਰਾਨ ਕਾਰ ਤੇਜ਼ ਹੋਣ ਕਾਰਨ ਉਨ੍ਹਾਂ ਦੀ ਕਾਰ ਟਰੈਕਟਰ ਟਰਾਲੀ ਨਾਲ ਟਕਰਾ ਗਈ ਅਤੇ ਸਾਰੇ ਜ਼ਖ਼ਮੀ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।