ਸੁਲਤਾਨਪੁਰ ਲੋਧੀ 'ਚ ਗੋਲੀ ਲੱਗਣ ਕਰਕੇ ਕਿਸਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਕਬੀਰਪੁਰ ਦੇ ਪਿੰਡ ਚੱਕ ਪੱਤੀ ਬਾਲੂ ਬਹਾਦੁਰ ਦਾ ਮਾਮਲਾ

Farmer dies due to gunshot wound in Sultanpur Lodhi

ਸੁਲਤਾਨਪੁਰ ਲੋਧੀ: ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਅਧੀਨ ਪੈਂਦੇ ਪਿੰਡ ਚੱਕ ਪੱਤੀ ਬਾਲੂ ਬਹਾਦੁਰ ਵਿਚ ਅੱਜ ਦੇਰ ਸ਼ਾਮ ਕਰੀਬ 7 ਵਜੇ ਦੇ ਕਰੀਬ ਲਾਇਸੰਸੀ 12 ਬੋਰ ਦੀ ਰਾਈਫ਼ਲ ਵਿਚੋਂ ਅਚਾਨਕ ਗੋਲੀ ਚੱਲਣ ਨਾਲ ਇਕ ਕਿਸਾਨ ਦੀ ਮੌਤ ਹੋ ਜਾਣ ਦੀ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਬਲਕਾਰ ਸਿੰਘ (60) ਪੁੱਤਰ ਚੈਨ ਸਿੰਘ ਵਜੋਂ ਹੋਈ ਹੈ ।

ਮਿਲੀ ਜਾਣਕਾਰੀ ਅਨੁਸਾਰ ਘਟਨਾ ਵੇਲੇ ਮ੍ਰਿਤਕ ਆਪਣੇ ਘਰ ਵਿਚ ਆਪਣੀ ਪਤਨੀ ਸ਼ਿੰਦਰਪਾਲ ਕੌਰ ਨਾਲ ਇਕੱਲਾ ਮੌਜੂਦ ਸੀ। ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਤਨੀ ਨੇ ਹੋਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਬਲਕਾਰ ਸਿੰਘ ਦੀ ਖੂਨ ਨਾਲ ਲੱਥ ਪੱਥ ਲਾਸ਼ ਉਸ ਦੇ ਬੈਡਰੂਮ ਵਿਚੋਂ ਮਿਲੀ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਲੜਕੀ ਵਿਆਹੀ ਹੋਈ ਹੈ, ਜਦਕਿ ਦੋਵੇਂ ਲੜਕੇ ਵਿਦੇਸ਼ ਰਹਿੰਦੇ ਹਨ। ਪਰਿਵਾਰ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਵਿਅਕਤੀ ਉੱਤੇ ਕੋਈ ਸ਼ੱਕ ਨਹੀਂ ਹੈ ਅਤੇ ਇਹ ਮੌਤ ਲਾਇਸੰਸੀ ਰਾਈਫ਼ਲ ਵਿਚੋਂ ਅਚਾਨਕ ਗੋਲੀ ਚੱਲਣ ਕਾਰਨ ਹੋਈ ਹੈ।

ਸੂਚਨਾ ਮਿਲਦੇ ਹੀ ਥਾਣਾ ਕਬੀਰਪੁਰ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।