1 ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਬਾਰਡਰ ਪਾਰ ਕਰ ਪਹੁੰਚਿਆ ਪਾਕਿਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਰਨਦੀਪ ਸਿੰਘ ਨੂੰ ਪਾਕਿਸਤਾਨ ਰੇਂਜਰਾਂ ਨੇ ਕੀਤਾ ਕਾਬੂ, ਸ਼ਰਨਦੀਪ 'ਤੇ ਪੰਜਾਬ 'ਚ ਵੀ ਦਰਜ ਹਨ ਮਾਮਲੇ

Sharandeep Singh reaches Pakistan News in punjabi

ਜਲੰਧਰ ਤੋਂ ਇੱਕ ਨੌਜਵਾਨ ਬਾਰਡਰ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਫੜ ਲਿਆ। ਬਾਅਦ ਵਿੱਚ ਉਨ੍ਹਾਂ ਨੇ ਉਸ ਦੀ ਪਾਕਿਸਤਾਨੀ ਰੇਂਜਰਾਂ ਨਾਲ ਹੱਥਕੜੀ ਵਾਲੀ ਇੱਕ ਫੋਟੋ ਜਾਰੀ। ਇਹ ਨੌਜਵਾਨ ਕਈ ਦਿਨਾਂ ਤੋਂ ਘਰੋਂ ਲਾਪਤਾ ਸੀ। ਉਸ ਦੇ ਪਿਤਾ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪਾਕਿਸਤਾਨ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਸੂਤਰਾਂ ਅਨੁਸਾਰ, ਨੌਜਵਾਨ ਕੁਝ ਦਿਨ ਪਹਿਲਾਂ ਕਪੂਰਥਲਾ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਇਆ ਸੀ। ਉਸ ਵਿਰੁੱਧ ਝਗੜੇ ਦੇ ਇੱਕ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਪਿਤਾ ਨੇ ਕੇਂਦਰ ਸਰਕਾਰ ਤੋਂ ਆਪਣੇ ਪੁੱਤਰ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਰਿਪੋਰਟਾਂ ਅਨੁਸਾਰ, ਜਲੰਧਰ ਦੇ ਸ਼ਾਹਕੋਟ ਦਾ ਇੱਕ ਨੌਜਵਾਨ ਸ਼ਰਨਦੀਪ ਸਿੰਘ ਕੁਝ ਦਿਨ ਪਹਿਲਾਂ ਘਰੋਂ ਗਾਇਬ ਹੋ ਗਿਆ ਸੀ ਅਤੇ ਫਿਰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਪਾਕਿਸਤਾਨੀ ਪੰਜਾਬ ਦੇ ਕਸੂਰ ਜ਼ਿਲ੍ਹੇ ਵਿਚ ਦਾਖ਼ਲ ਹੋ ਗਿਆ।

ਫਿਰ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਫੜ ਲਿਆ, ਉਸ ਦੀ ਫੋਟੋ ਜਾਰੀ ਕੀਤੀ ਅਤੇ ਕਿਹਾ ਕਿ ਉਸ ਨੂੰ ਕਸੂਰ ਜ਼ਿਲ੍ਹੇ ਦੇ ਸਹਿਜਰਾ ਦੇ ਸਰਹੱਦੀ ਖੇਤਰ ਵਿੱਚ ਫੜਿਆ ਗਿਆ ਸੀ। ਪਾਕਿਸਤਾਨ ਰੇਂਜਰਾਂ ਨੇ ਕਿਹਾ ਕਿ ਉਨ੍ਹਾਂ ਨੇ ਗਸ਼ਤ ਦੌਰਾਨ ਆਪਣੇ ਇਲਾਕੇ ਦੇ ਅੰਦਰ ਸ਼ੱਕੀ ਨੌਜਵਾਨ ਨੂੰ ਪਾਇਆ ਅਤੇ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਮੁੱਢਲੀ ਪੁੱਛਗਿੱਛ ਤੋਂ ਬਾਅਦ, ਪਾਕਿਸਤਾਨੀ ਰੇਂਜਰਾਂ ਨੇ ਨੌਜਵਾਨ ਨੂੰ ਕਾਨੂੰਨੀ ਕਾਰਵਾਈ ਲਈ ਗੰਡਾ ਸਿੰਘ ਥਾਣੇ ਦੇ ਹਵਾਲੇ ਕਰ ਦਿੱਤਾ।