ਚਾਰ ਪਾਰਟੀਆਂ ਦਾ ਗਠਜੋੜ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਮਤਭੇਦਾਂ ਦਾ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਚਾਰ ਪਾਰਟੀਆਂ ਦੇ ਬਣ ਰਹੇ ਗਠਜੋੜ ਵਿਚ ਹੋਂਦ ਵਿਚ ਆਉਣ......

Ranjit Singh Brahmpura

ਚੰਡੀਗੜ੍ਹ : ਪੰਜਾਬ ਵਿਚ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਚਾਰ ਪਾਰਟੀਆਂ ਦੇ ਬਣ ਰਹੇ ਗਠਜੋੜ ਵਿਚ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ ਕਿ ਟਕਸਾਲੀ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਹੀ 'ਆਪ' ਪਾਰਟੀ ਨੂੰ ਗਠਜੋੜ ਵਿਚ ਸ਼ਾਮਲ ਕਰਨ ਲਈ ਗਲਬਾਤ ਕੀਤੀ ਹੈ। ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਚਾਰ ਪਾਰਟੀਆਂ ਦੀ ਹੋਈ ਮੀਟਿੰਗ

ਵਿਚ ਜਥੇਦਾਰ ਬ੍ਰਹਮਪੁਰਾ ਨੇ ਉਨ੍ਹਾਂ ਦੇ ਸਾਹਮਣੇ ਆਪ ਦੇ ਆਗੂ ਭਵਗੰਤ ਮਾਨ ਨਾਲ ਕੋਈ ਗਲ ਨਹੀਂ ਕੀਤੀ। ਹੋ ਸਕਦਾ ਹੈ ਉਨ੍ਹਾਂ ਨੇ ਦੂਸਰੇ ਕਮਰੇ ਵਿਚ ਜਾ ਕੇ ਗਲ ਕੀਤੀ ਹੋਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪ ਨਾਲ ਸਮਝੌਤਾ ਨਹੀਂ ਕਰ ਸਕਦੇ ਜਿਸ ਨੇ ਨਸ਼ਿਆਂ ਦੇ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗ ਲਈ ਹੈ। ਸਿਰਫ਼ ਇਥੇ ਹੀ ਬਸ ਨਹੀਂ ਆਪ ਨੇ ਬੈਂਸ ਭਰਾਵਾਂ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਗਠਜੋੜ ਵਿਚ ਸ਼ਾਮਲ ਨਾ ਕਰਨ ਦੀ ਸ਼ਰਤ ਰਖ ਦਿਤੀ ਹੈ।  ਬੇਸ਼ਕ ਮੀਟਿੰਗ ਵਾਲੇ ਦਿਨ ਦਾਅਵਾ ਕੀਤਾ ਗਿਆ ਸੀ ਕਿ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਵੀ ਗਠਜੋੜ ਦੇ ਨਾਲ ਹਨ

ਪਰ ਸ਼੍ਰੀ ਗਾਂਧੀ ਨੇ ਅਜੇ ਤਕ ਸ਼ਾਮਲ ਹੋਣ ਸਬੰਧੀ ਕੋਈ ਜਨਤਕ ਬਿਆਨ ਨਹੀਂ ਦਿਤਾ। ਉਧਰ ਖਹਿਰਾ ਜੋ ਗਠਜੋੜ ਬਣਾਉਣ ਲਈ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਦੀ ਲੀਡਰਸ਼ਿਪ ਦੀ ਵਾਗਡੋਰ ਵੀ ਟਕਸਾਲੀ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੰਭਾਲ ਲਈ ਹੈ। ਉਹ ਬਿਨਾਂ ਕੋਈ ਵਿਚਾਰ ਵਟਾਂਦਰਾ ਕੀਤੇ ਬਰਗਾੜੀ ਮੋਰਚੇ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਅਤੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨਾਲ ਮੀਟਿੰਗਾਂ ਕਰ ਕੇ ਗਠਜੋੜ ਵਿਚ ਸ਼ਾਮਲ ਹੋਣ ਲਈ ਸੱਦਾ ਦੇ ਰਹੇ ਹਨ। ਸਿਰਫ਼ ਇਥੇ ਹੀ ਬਸ ਨਹੀਂ ਜਥੇਦਾਰ ਬ੍ਰਹਮਪੁਰਾ ਨੇ ਲੋਕ ਸਭਾ ਚੋਣਾਂ ਨਾ ਲੜਣ ਦਾ ਵੀ ਐਲਾਨ ਕਰ ਦਿਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਟਕਸਾਲੀ ਦੇ ਤਿੰਨੇ ਆਗੂ ਡਾ. ਰਤਨ ਸਿੰਘ ਅਜਨਾਲ, ਸੇਵਾ ਸਿੰਘ ਸੇਖਵਾਂ ਅਤੇ ਉਹ ਖ਼ੁਦ ਵੀ ਲੋਕ ਸਭਾ ਦੀ ਚੋਣ ਨਹੀਂ ਲੜਣਗੇ ਬਲਕਿ ਚੋਣ ਲੜਾਉਣਗੇ। ਜਦ ਕਿ ਮੀਟਿੰਗ ਵਿਚ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਗਠਜੋੜ ਵਲੋਂ ਲੜਨ ਦਾ ਐਲਾਨ ਕੀਤਾ ਗਿਆ ਸੀ। ਇਸ ਸਾਰੀ ਖੇਡ ਵਿਚ ਜੇ ਸਭ ਤੋਂ ਵੱਧ ਸਿਆਸੀ ਨੁਕਸਾਨ ਹੋਇਆ ਹੈ ਤਾਂ ਉਹ ਸੁਖਪਾਲ ਸਿੰਘ ਖਹਿਰਾ ਹਨ। ਉਨ੍ਹਾਂ ਦੀ ਵਿਧਾਨ ਸਭਾ ਮੈਂਬਰੀ ਵੀ ਪੂਰੀ ਤਰ੍ਹਾਂ ਖ਼ਤਰੇ ਵਿਚ ਹੈ। ਵਿਧਾਨ ਸਭਾ ਦੇ ਸਪੀਕਰ ਕਿਸੇ ਵੀ ਸਮੇਂ ਨੋਟਿਸ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਮੈਂਬਰੀ ਖ਼ਤਮ ਕਰ ਸਕਦੇ ਹਨ।

ਅਸਲ ਵਿਚ ਅਕਾਲੀ ਦਲ ਟਕਸਾਲੀ ਦੇ ਆਗੂਆਂ ਦਾ ਮੁੱਖ ਨਿਸ਼ਾਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਨ। ਇਸੇ ਲਈ ਉਹ ਲੋਕ ਸਭਾ ਚੋਣਾਂ ਵਿਚ ਕੋਈ ਦਿਲਚਸਪੀ ਨਹੀਂ ਰਖਦੇ ਅਤੇ ਵੱਖ-ਵੱਖ ਸਿੱਖ ਆਗੂਆਂ ਨਾਲ ਤਾਲਮੇਲ ਬਣਾ ਰਹੇ ਹਨ। ਉਹ ਚਾਹੁੰਦੇ ਹਨ ਕਿ ਆਪ ਪਾਰਟੀ ਨੂੰ ਹਰ ਹਾਲਤ ਵਿਚ ਗਠਜੋੜ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਦੇ ਸ਼ਾਮਲ ਹੋਣ ਨਾਲ ਗੁਰਦਵਾਰਾ ਚੋਣਾਂ ਵਿਚ ਉਹ ਜ਼ਿਆਦਾ ਲਾਭ ਉਠਾ ਸਕਦੇ ਹਨ। 

ਜਿਥੋਂ ਤਕ ਬੈਂਸ ਭਰਾਵਾਂ ਜਾਂ ਸੁਖਪਾਲ ਸਿੰਘ ਖਹਿਰਾ ਦਾ ਸਬੰਧ ਹੈ ਉਹ ਸਮਝਦੇ ਹਨ ਕਿ ਇਨ੍ਹਾਂ ਦਾ ਆਧਾਰ ਅਪਣੇ ਹਲਕਿਆਂ ਤਕ ਸੀਮਤ ਹੈ।  ਚਾਰ ਪਾਰਟੀਆਂ ਦੇ ਗਠਜੋੜ ਵਿਚੋਂ ਅਕਾਲੀ ਦਲ ਮਾਨ, ਅਕਾਲੀ ਦਲ 1920, ਪੰਥਕ ਅਕਾਲੀ ਦਲ ਸੁੱਚਾ ਸਿੰਘ ਛੋਟੇਪੁਰ ਅਤੇ ਹੋਰ ਗਰੁਪ ਤਾਂ ਇਸ ਗਠਜੋੜ ਵਿਚੋਂ ਪਹਿਲਾਂ ਹੀ ਬਾਹਰ ਹਨ।