ਸੁਖਬੀਰ ਅਤੇ ਮਜੀਠੀਏ ਪੱਲੇ ਕੱਖ ਨਹੀਂ : ਬ੍ਰਹਮਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ...

Taksali Akali

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਜਨਰਲ ਸਕੱਤਰ ਮਨਮੋਹਨ ਸਿੰਘ ਸਠਿਆਲਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰ ਸੰਮੇਲਨ ਆਯੋਜਿਤ ਕੀਤਾ ਗਿਆ। ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਟਕਸਾਲੀ ਅਕਾਲੀ ਦਲ ਨੂੰ ਕਾਂਗਰਸ ਦੀ ਬੀ ਟੀਮ ਆਖਣ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੇ ਮੀਟਿੰਗ ਕਰਨ ਦਾ ਦੋਸ਼ ਲਗਾਏ

ਜਾਣ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਮੈਂ ਅਪਣੇ ਪੂਰੇ ਪਰਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਨਮੁੱਖ ਹੋ ਕੇ ਇਹ ਕਹਿਣ ਨੂੰ ਤਿਆਰ ਹਾਂ ਕਿ ਮੇਰੀ ਜਾਂ ਮੇਰੇ ਪਰਵਾਰ ਦੀ ਕਾਂਗਰਸ ਜਾਂ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਸਾਂਝ ਨਹੀਂ ਅਤੇ ਨਾ ਹੀ ਕਦੇ ਕੋਈ ਮੀਟਿੰਗ ਕੀਤੀ ਗਈ ਹੈ, ਜੇਕਰ ਸੁਖਬੀਰ ਬਾਦਲ ਸੱਚਾ ਹੈ ਤਾਂ ਉਹ ਅਪਣੇ ਪਰਵਾਰ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇਹ ਆਖੇ ਕਿ ਉਸਦੀ ਵਿਧਾਨ ਸਭਾ 2017 ਦੀਆਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਡੀਲ ਨਹੀਂ ਸੀ ਹੋਈ।

ਬ੍ਰਹਮਪੁਰਾ ਨੇ ਇਹ ਵੀ ਅਹਿਮ ਖੁਲਾਸਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਖ਼ੁਦ ਦਸਿਆ ਸੀ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਲੰਬੀ ਅਤੇ ਰਵਨੀਤ ਬਿੱਟੂ ਜਲਾਲਾਬਾਦ ਤੋਂ ਵਿਧਾਨ ਸਭਾ ਚੋਣਾਂ ਨਾ ਲੜਦੇ ਤਾਂ ਅਪਣੀਆਂ ਦੋਵੇਂ ਸੀਟਾਂ ਹਾਰ ਜਾਣੀਆਂ ਸੀ ਪਰ ਮੈਂ ਬਾਦਲ ਕੋਲ ਇਸ ਗੱਲ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਵਿਰੁਧ ਕਦੇ ਵੀ ਕੋਈ ਬਿਆਨਬਾਜੀ ਨਹੀਂ ਕੀਤੀ

ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਦੋਵੇਂ ਪਰਵਾਰ ਆਪਸ ਵਿਚ ਇਕਮਿਕ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਤੇ ਮਜੀਠੀਆ ਪੱਲੇ ਕੱਖ ਨਹੀਂ ਹੈ। ਬ੍ਰਹਮਪੁਰਾ ਨੇ ਸੁਖਬੀਰ ਬਾਦਲ ਨੂੰ ਇਨ੍ਹਾਂ ਸਵਾਲਾਂ ਨੂੰ ਲੈ ਕੇ ਖੁਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਮੀਡੀਆ ਸਾਹਮਣੇ ਸੁਖਬੀਰ ਬਾਦਲ ਨਾਲ ਬਹਿਸ ਕਰਨ ਨੂੰ ਤਿਆਰ ਹਨ।