ਮੋਦੀ ਅਤੇ ਭਾਜਪਾ ਬੋਡੋ ਸਮਝੌਤੇ ਦੀਆਂ ਸਾਰੀਆਂ ਧਾਰਾਵਾਂ ਨੂੰ ਪੂਰਾ ਕਰਨ ਲਈ ਵਚਨਬੱਧ: ਸ਼ਾਹ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਅਤੇ ਭਾਜਪਾ ਬੋਡੋ ਸਮਝੌਤੇ ਦੀਆਂ ਸਾਰੀਆਂ ਧਾਰਾਵਾਂ ਨੂੰ ਪੂਰਾ ਕਰਨ ਲਈ ਵਚਨਬੱਧ: ਸ਼ਾਹ

image

ਕਿਹਾ, ਇਹ ਖੇਤਰ ਅਤਿਵਾਦ ਦੇ ਅੰਤ ਦੀ ਸ਼ੁਰੂਆਤ ਦਾ ਪ੍ਰਤੀਕ 

ਕੋਕਰਾਝਾਰ, 24 ਜਨਵਰੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਇਕ ਸਾਲ ਪਹਿਲਾਂ ਹਸਤਾਖ਼ਰ ਕੀਤੇ ਗਏ ਬੋਡੋਲੈਂਡ ਟੈਰੀਟੋਰੀਅਲ ਰੀਜਨ (ਬੀਟੀਆਰ) ਸਮਝੌਤੇ ਨੇ ਉੱਤਰ-ਪੂਰਬ ਵਿਚ ਅਤਿਵਾਦ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ।
ਕਾਂਗਰਸ ਦੀ ਨਿੰਦਾ ਕਰਦਿਆਂ ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਪਿਛਲੇ ਸਮੇਂ ਵੱਖ-ਵੱਖ ਅਤਿਵਾਦੀ ਸੰਗਠਨਾਂ ਨਾਲ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਸਨ ਪਰ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੇ।
ਸ਼ਾਹ ਨੇ ਕਿਹਾ ਕਿ ਮੈਂ ਇਥੇ ਇਹ ਦੱਸਣ ਆਇਆ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਬੀਟੀਆਰ ਸਮਝੌਤੇ ਦੇ ਸਾਰੇ ਪ੍ਰਬੰਧਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਨ, ਜੋ ਖੇਤਰ ਵਿਚ ਸ਼ਾਂਤੀ ਅਤੇ ਵਿਕਾਸ ਲਈ ਰਾਹ ਪਧਰਾ ਕਰਨਗੇ। ਇਹ ਖੇਤਰ ਅਤਿਵਾਦ ਦੇ ਅੰਤ ਦੀ ਸ਼ੁਰੂਆਤ ਦਾ ਪ੍ਰਤੀਕ ਹੈ। 
ਉਨ੍ਹਾਂ ਬੀਟੀਆਰ ਸਮਝੌਤਾ ਦਿਵਸ ਮੌਕੇ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਅਸਾਮ ਦੇ ਸਾਰੇ ਭਾਈਚਾਰਿਆਂ ਦੇ ਰਾਜਨੀਤਕ ਅਧਿਕਾਰ, ਸਭਿਆਚਾਰ ਅਤੇ ਭਾਸ਼ਾ ਭਾਜਪਾ ਸਰਕਾਰ ਵਿਚ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਨਿਚਰਵਾਰ ਨੂੰ ਅਸਾਮ ਵਿਚ ਸਨ ਅਤੇ ਸਥਾਨਕ ਮੂਲ ਦੇ ਇਕ ਲੱਖ ਤੋਂ ਵੱਧ ਲੋਕਾਂ ਨੂੰ ਜ਼ਮੀਨਾਂ ਦੇ ਪੱਟੇ ਵੰਡੇ। ਰਾਜ ਸਰਕਾਰ ਬੋਡੋ ਨੂੰ ਪਹਿਲਾਂ ਹੀ ਅਸਾਮ ਦੀ ਸਹਾਇਕ ਭਾਸ਼ਾ ਬਣਾ ਦਿਤਾ ਹੈ। 
ਕੇਂਦਰੀ ਮੰਤਰੀ ਨੇ ਕਿਹਾ ਕਿ ਰਾਜ ਦੇ ਸਾਰੇ ਭਾਈਚਾਰਿਆਂ ਦੇ ਅਮੀਰ ਸਭਿਆਚਾਰ, ਭਾਸ਼ਾ ਅਤੇ ਵਿਰਾਸਤ ਦੀ ਰਖਿਆ, ਸੰਭਾਲ ਅਤੇ ਉਨ੍ਹਾਂ ਨੂੰ ਉਤਸ਼ਾਹਤ ਕਰਨ ਲਈ ਕਈ ਉਪਾਅ ਕੀਤੇ ਹਨ। ਸ਼ਾਹ ਨੇ ਕਿਹਾ ਕਿ ਸਿਰਫ਼ ਭਾਜਪਾ ਹੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅਸਾਮ ਨੂੰ ਭ੍ਰਿਸ਼ਟਾਚਾਰ, ਅਤਿਵਾਦ ਅਤੇ ਪ੍ਰਦੂਸ਼ਣ ਮੁਕਤ ਬਣਾ ਸਕਦੀ ਹੈ।
ਬੋਡੋਲੈਂਡ ਪ੍ਰੋਵਿੰਸ਼ੀਅਲ ਏਰੀਆ ਡਿਸਟ੍ਰਿਕਟ (ਬੀਟੀਏਡੀ) ਵਿਚ ਸ਼ਾਂਤੀ ਲਈ ਬੀਟੀਆਰ ਸਮਝੌਤਾ ਪਿਛਲੇ ਸਾਲ 27 ਜਨਵਰੀ ਨੂੰ ਕੇਂਦਰ ਸਰਕਾਰ, ਅਸਾਮ ਸਰਕਾਰ, ਬੋਡੋਲੈਂਡ ਦੇ ਨੈਸ਼ਨਲ ਡੈਮੋਕਰੇਟਿਕ ਫ਼ਰੰਟ ਦੇ ਸਾਰੇ ਚਾਰੇ ਧੜਿਆਂ ਅਤੇ ਉਸ ਸਮੇਂ ਦੇ ਬੋਡੋਲੈਂਡ ਪ੍ਰੋਵਿੰਸ਼ੀਅਲ ਕੌਂਸਲ ਦੇ ਮੁਖੀ ਹਗਰਮਾ ਮੋਹਲਰੀ ਵਲੋਂ ਹਸਤਾਖ਼ਰ ਕੀਤੇ ਗਏ ਸਨ। (ਪੀਟੀਆਈ)