ਜਦੋਂ ਵਿਆਹ ਵਾਲੀਆਂ ਕਾਰਾਂ ’ਤੇ ਵੀ ਲੱਗਣ ਲੱਗੇ ਕਿਸਾਨੀ ਝੰਡੇ
ਜਦੋਂ ਵਿਆਹ ਵਾਲੀਆਂ ਕਾਰਾਂ ’ਤੇ ਵੀ ਲੱਗਣ ਲੱਗੇ ਕਿਸਾਨੀ ਝੰਡੇ
ਪਿੰਡ ਦਿਉਣ ਖੇੜੇ ਦਾ ਨੌਜਵਾਨ ਕਿਸਾਨੀ ਝੰਡਾ ਲਗਾ ਕੇ ਬਰਾਤ ਢੁਕਿਆ
ਲੰਬੀ, 24 ਜਨਵਰੀ (ਗੁਰਮੀਤ ਸਿੰਘ ਮੱਕੜ): ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਜਿਥੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਉਥੇ ਹੀ ਲੋਕਾਂ ਵਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਵੱਖ-ਵੱਖ ਤਰੀਕਿਆਂ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਉਦੋਂ ਦੇਖਣ ਨੂੰ ਮਿਲੀ, ਜਦੋਂ ਪਿੰਡ ਦਿਉਣ ਖੇੜੇ ਦਾ ਨੌਜਵਾਨ ਮਨਦੀਪ ਸਿੰਘ ਅਪਣੀ ਫੁੱਲਾਂ ਵਾਲੀ ਸਜੀ ਕਾਰ ’ਤੇ ਕਿਸਾਨਾਂ ਦੇ ਹੱਕ ਵਿਚ ਕਿਸਾਨੀ ਝੰਡਾ ਲਗਾ ਕੇ ਲਾੜੀ ਨੂੰ ਵਿਆਹੁਣ ਗਿਆ।
ਇਸ ਮੌਕੇ ਨੌਜਵਾਨ ਮਨਦੀਪ ਸਿੰਘ ਨੇ ਕਿਹਾ ਕਿ ਇਸ ਕਿਸਾਨੀ ਸੰਘਰਸ਼ ਨੂੰ ਹਰ ਵਰਗ ਨੂੰ ਭਰਪੂਰ ਸਮਰਥਨ ਦੇਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਕਾਲੇ ਕਾਨੂੰਨਾਂ ਨਾਲ ਜਿਥੇ ਕਿਸਾਨਾਂ ਦਾ ਨੁਕਸਾਨ ਹੋਵੇਗਾ, ਉਥੇ ਹੀ ਸਾਰੇ ਵਰਗਾਂ ਦਾ ਨੁਕਸਾਨ ਹੋਵੇਗਾ। ਉਸ ਵਲੋਂ ਹਰ ਵਰਗ ਨੂੰ ਅਪੀਲ ਕੀਤੀ ਗਈ ਕਿ ਉਹ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਤਾਂ ਜੋ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ ਅਤੇ ਦਿੱਲੀ ਦੀਆਂ ਸੜਕਾਂ ’ਤੇ ਬੈਠੇ ਕਿਸਾਨ ਅਪਣੇ ਘਰਾਂ ਨੂੰ ਪਰਤ ਸਕਣ।