‘ਆਪ’ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਜਲੰਧਰ ’ਚ ਕੀਤਾ ਡੋਰ-ਟੂ-ਡੋਰ ਪ੍ਰਚਾਰ
‘ਆਪ’ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਜਲੰਧਰ ’ਚ ਕੀਤਾ ਡੋਰ-ਟੂ-ਡੋਰ ਪ੍ਰਚਾਰ
ਜਲੰਧਰ, 24 ਜਨਵਰੀ (ਸਮਰਦੀਪ ਸਿੰਘ, ਵਰਿੰਦਰ ਸ਼ਰਮਾ, ਕਰਮਵੀਰ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਸੋਮਵਾਰ ਨੂੰ ਜਲੰਧਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਮਾਨ ਨੇ ਡੋਰ-ਟੂ-ਡੋਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰਾਂ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ। ਮਾਨ ਨੇ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ਦੀ ਜਨਤਾ ਪੰਜਾਬ ਦੀ ਨਵੀਂ ਇਬਾਰਤ ਲਿਖੇਗੀ। ਪੰਜਾਬ ’ਤੇ ਦਹਾਕਿਆਂ ਤੋਂ ਰਾਜ ਕਰ ਰਹੀਆਂ ਰਵਾਇਤੀ ਪਾਰਟੀਆਂ ਦੀਆਂ ਭ੍ਰਿਸ਼ਟ ਨੀਤੀਆਂ ਅਤੇ ਲੁੱਟ ਤੋਂ ਲੋਕ ਪ੍ਰੇਸ਼ਾਨ ਹੋ ਚੁੱਕੇ ਹਨ। 20 ਫ਼ਰਵਰੀ ਨੂੰ ਪੰਜਾਬ ਦੇ ਲੋਕ ਝਾੜੂ ਦਾ ਬਟਨ ਦਬਾ ਕੇ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।
ਸੋਮਵਾਰ ਨੂੰ ਭਗਵੰਤ ਮਾਨ ‘ਆਪ’ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕਰਨ ਲਈ ਜਲੰਧਰ ਪੁੱਜੇ ਸਨ। ਉਨ੍ਹਾਂ ਨਕੋਦਰ ਤੋਂ ‘ਆਪ’ ਉਮੀਦਵਾਰ ਇੰਦਰਜੀਤ ਕੌਰ ਮਾਨ, ਜਲੰਧਰ ਪੱਛਮੀ ਤੋਂ ਉਮੀਦਵਾਰ ਸ਼ੀਤਲ ਅੰਗੁਰਾਲ, ਜਲੰਧਰ ਕੇਂਦਰੀ ਤੋਂ ਰਮਨ ਅਰੋੜਾ ਅਤੇ ਜਲੰਧਰ ਉੱਤਰੀ ਤੋਂ ‘ਆਪ’ ਉਮੀਦਵਾਰ ਦਿਨੇਸ਼ ਢੱਲ ਦੇ ਹੱਕ ’ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਮਾਨ ਨੂੰ ਦੇਖਣ ਲਈ ਲੋਕ ’ਚ ਕਾਫੀ ਉਤਸਾ ਸੀ। ਥਾਂ-ਥਾਂ ’ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸਮਰਥਕਾਂ ਨੇ ਜ਼ਿੰਦਾਬਾਦ ਦੇ ਨਾਅਰੇ ਲਾਏ।
ਜਲੰਧਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਚਾਹੇ ਮਾਝਾ ਹੋਵੇ, ਦੁਆਬਾ ਜਾਂ ਮਾਲਵਾ ਹੋਵੇ, ਅੱਜ ਪੂਰਾ ਪੰਜਾਬ ਆਮ ਆਦਮੀ ਪਾਰਟੀ ਦੇ ਨਾਲ ਖੜਾ ਹੈ। 10 ਮਾਰਚ ਨੂੰ ਪੰਜਾਬ ’ਚ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ‘ਆਪ’ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੋਵੇਗੀ। ਸਾਡੀ ਸਰਕਾਰ ਪੰਜਾਬ ਸਿਰ ਚੜਿ੍ਹਆ 3 ਲੱਖ ਕਰੋੜ ਦਾ ਕਰਜ਼ਾ ਵੀ ਉਤਾਰੇਗੀ ਅਤੇ ਹਰ ਵਰਗ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬਿਹਤਰ ਸਹੂਲਤਾਂ ਵੀ ਮੁਹਈਆ ਕਰਵਾਏਗੀ।
ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ’ਤੇ ਮਾਨ ਨੇ ਪੰਜਾਬ ਦੇ ਲੋਕਾਂ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜ਼ਿੰਮੇਵਾਰੀ ਵਧਣ ਦੇ ਨਾਲ ਉਨ੍ਹਾਂ ਦਾ ਹੌਂਸਲਾ ਵੀ ਵਧਿਆ ਹੈ। ਪਾਰਟੀ, ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ’ਚ ਜੋ ਵਿਸ਼ਵਾਸ ਜਤਾਇਆ ਹੈ। ਉਹ ਉਸ ’ਤੇ ਪੂਰੀ ਤਰ੍ਹਾਂ ਖ਼ਰਾ ਉਤਰਨਗੇ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਵਾਂਗੇ। ਇਸ ਮੌਕੇ ‘ਆਪ’ ਉਮੀਦਵਾਰਾਂ ਤੋਂ ਇਲਾਵਾ ਪਾਰਟੀ ਦੇ ਸਥਾਨਕ ਆਗੂ ਵੀ ਮਾਨ ਦੇ ਨਾਲ ਕਾਫ਼ਲੇ ’ਚ ਸ਼ਾਮਲ ਸਨ।