ਨਵੇਂ ਟੀਕਾਕਰਨ ਨਿਯਮਾਂ ਨਾਲ ਫ਼ਰੈਂਚ ਓਪਨ ਖੇਡ ਸਕਦੇ ਹਨ ਜੋਕੋਵਿਚ

ਏਜੰਸੀ

ਖ਼ਬਰਾਂ, ਪੰਜਾਬ

ਨਵੇਂ ਟੀਕਾਕਰਨ ਨਿਯਮਾਂ ਨਾਲ ਫ਼ਰੈਂਚ ਓਪਨ ਖੇਡ ਸਕਦੇ ਹਨ ਜੋਕੋਵਿਚ

image

ਪੈਰਿਸ, 25 ਜਨਵਰੀ : ਫ਼ਰਾਂਸ ਸਰਕਾਰ ਦੇ ਕੋਰੋਨਾ ਟੀਕਾਕਰਨ ਦੇ ਨਵੇਂ ਨਿਯਮਾਂ ਦੇ ਚਲਦੇ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਟੀਕਾ ਨਹੀਂ ਲਗਵਾਉਣ ਦੇ ਬਾਵਜੂਦ ਮਈ ਵਿਚ ਫ਼ਰੈਂਚ ਓਪਨ ਖੇਡ ਸਕਦੇ ਹਨ। ਜੋਕੋਵਿਚ ਨੂੰ ਆਸਟਰੇਲੀਆ ਦੇ ਸਖ਼ਤ ਕੋਰੋਨਾ ਟੀਕਾਕਰਨ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਆਸਟਰੇਲੀਆਈ ਓਪਨ ਖੇਡਣ ਦੀ ਇਜਾਜ਼ਤ ਨਹੀਂ ਮਿਲੀ ਤੇ ਉਨ੍ਹਾਂ ਨੂੰ ਦੇਸ਼ ਤੋਂ ਡਿਪੋਰਟ ਵੀ ਕਰ ਦਿਤਾ ਗਿਆ ਸੀ।  ਸ਼ੁਰੂ ਵਿਚ ਇੰਝ ਲੱਗ ਰਿਹਾ ਸੀ ਕਿ ਉਹ ਫ਼ਰੈਂਚ ਓਪਨ ਵੀ ਨਹੀਂ ਖੇਡ ਸਕਣਗੇ ਕਿਉਂਕਿ ਫ਼ਰਾਂਸ ਵਿਚ ਇਕ ਨਵੇਂ ਕਾਨੂੰਨ ਵਿਚ ਵੀ ਅਜਿਹੇ ਲੋਕਾਂ ਨੂੰ ਸਟੇਡੀਅਮ, ਰੈਸਤਰਾਂ, ਬਾਰ ਜਾਂ ਹੋਰਨਾਂ ਜਨਤਕ ਸਥਾਨਾਂ ’ਚ ਦਾਖ਼ਲੇ ਦੀ ਇਜਾਜ਼ਤ ਨਹੀਂ ਹੈ, ਜਿਨ੍ਹਾਂ ਨੇ ਕੋਰੋਨਾ ਦਾ ਟੀਕਾ ਨਹੀਂ ਲਗਵਾਇਆ ਹੈ। ਫ਼ਰਾਂਸ ਦੇ ਖੇਡ ਮੰਤਰੀ ਰੋਕਸਾਨਾ ਐੱਮ ਨੇ ਕਿਹਾ ਕਿ ਜਿਵੇਂ ਹੀ ਕਾਨੂੰਨ ਪਾਸ ਹੋ ਜਾਵੇਗਾ, ਟੀਕਾਕਰਨ ਪਾਸ ਹਰ ਜਨਤਕ ਸਥਾਨ ’ਤੇ ਪ੍ਰਵੇਸ਼ ਲਈ ਲਾਜ਼ਮੀ ਹੋਵੇਗਾ। ਇਹ ਦਰਸ਼ਕਾਂ, ਫ਼ਰੈਂਚ ਜਾਂ ਵਿਦੇਸ਼ੀ ਪੇਸ਼ੇਵਰਾਂ ਉਤੇ ਵੀ ਲਾਗੂ ਹੋਵੇਗਾ।  ਸੋਮਵਾਰ ਤੋਂ ਲਾਗੂ ਇਸ ਕਾਨੂੰਨ ਦੇ ਤਹਿਤ ਪਿਛਲੇ 6 ਮਹੀਨਿਆਂ ਵਿਚ ਕੋਰੋਨਾ ਨਾਲ ਪੀੜਤ ਹੋਣ ਦਾ ਸਬੂਤ ਦੇਣ ਵਾਲੇ ਵਿਅਕਤੀ ਨੂੰ ਇਸ ਪਾਸ ਨੂੰ ਦਿਖਾਉਣ ਦੀ ਲੋੜ ਨਹੀਂ ਰਹੇਗੀ। ਇਸ ਦਾ ਅਰਥ ਹੈ ਕਿ ਜੋਕੋਵਿਚ ਮਈ-ਜੂਨ ਵਿਚ ਫ਼ਰੈਂਚ ਓਪਨ ਖੇਡ ਸਕਦੇ ਹਨ, ਕਿਉਂਕਿ ਉਹ ਦਸੰਬਰ ਦੇ ਅੱਧ ਵਿਚ ਪਾਜ਼ੇਟਿਵ ਹੋਏ ਸਨ। ਫ਼ਰਾਂਸ ਦੇ ਖੇਡ ਮੰਤਰਾਲਾ ਤੋਂ ਜੋਕੋਵਿਚ ਦੇ ਮਾਮਲੇ ਵਿਚ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਮਿਲ ਸਕਿਆ।    (ਪੀਟੀਆਈ)