ਆਪ ਸਰਕਾਰ ਦੇ ‘ਚੰਗੇ ਕੰਮਾਂ’ ਨੂੰ ਚੋਣਾਂ ਵਾਲੇ ਰਾਜਾਂ ਦੇ ਵੋਟਰਾਂ ਨਾਲ ਸਾਂਝਾ ਕਰੇ ਦਿੱਲੀ ਦੀ ਜਨਤਾ
ਆਪ ਸਰਕਾਰ ਦੇ ‘ਚੰਗੇ ਕੰਮਾਂ’ ਨੂੰ ਚੋਣਾਂ ਵਾਲੇ ਰਾਜਾਂ ਦੇ ਵੋਟਰਾਂ ਨਾਲ ਸਾਂਝਾ ਕਰੇ ਦਿੱਲੀ ਦੀ ਜਨਤਾ : ਕੇਜਰੀਵਾਲ
ਨਵੀਂ ਦਿੱਲੀ, 24 ਜਨਵਰੀ : ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਚੋਣਾਂ ਵਾਲੇ ਰਾਜਾਂ ਲਈ ਇਕ ਮੁਹਿੰਮ ਸ਼ੁਰੂ ਕਰਦਿਆਂ ਦਿੱਲੀ ਵਾਸੀਆਂ ਨੂੰ ਦਿੱਲੀ ਸਰਕਾਰ ਦੇ ’ਚੰਗੇ ਕੰਮ’ ਦੀਆਂ ਵੀਡੀਉ ਸੋਸ਼ਲ ਮੀਡੀਆ ’ਤੇ ਸਾਂਝੀ ਕਰਨ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮੁਫ਼ਤ ਬਿਜਲੀ ਅਤੇ ਪਾਣੀ ਦੇਣ ਵਰਗੇ ਕਈ ਚੰਗੇ ਕੰਮ ਕੀਤੇ ਹਨ। ਉਨ੍ਹਾਂ ਦਿੱਲੀ ਵਾਸੀਆਂ ਨੂੰ ਪੰਜਾਬ, ਉੱਤਰ ਪ੍ਰਦੇਸ਼, ਗੋਆ ਅਤੇ ਉਤਰਾਖੰਡ ਦੇ ਵੋਟਰਾਂ ਨੂੰ ‘ਆਪ’ ਨੂੰ ਮੌਕਾ ਦੇਣ ਦੀ ਅਪੀਲ ਕਰਨ ਲਈ ਕਿਹਾ।‘ਇਕ ਮੌਕਾ ਕੇਜਰੀਵਾਲ ਨੂੰ’ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ, ਕੇਜਰੀਵਾਲ ਨੇ ‘ਆਪ’ ਵਰਕਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਅਜਿਹੀਆਂ ਵੀਡੀਉਜ਼ ਨੂੰ ਵੱਧ ਤੋਂ ਵੱਧ ਸਾਂਝਾ ਕੀਤਾ ਜਾਵੇ ਅਤੇ ਸੋਸ਼ਲ ਮੀਡੀਆ ’ਤੇ ‘ਵਾਇਰਲ’ ਕੀਤਾ ਜਾਵੇ। ਉਨ੍ਹਾਂ ਵਾਅਦਾ ਕੀਤਾ ਕਿ ਉਹ ਚੋਣਾਂ ਖ਼ਤਮ ਹੋਣ ਤੋਂ ਬਾਅਦ ਚੋਟੀ ਦੇ 50 ਵੀਡੀਉ ਨਿਰਮਾਤਾਵਾਂ ਨੂੰ ਮਿਲਣਗੇ ਅਤੇ ਉਨ੍ਹਾਂ ਨਾਲ ਭੋਜਨ ਕਰਨਗੇ। ਜ਼ਿਕਰਯੋਗ ਹੈ ਕਿ ‘ਆਪ’ ਪੰਜਾਬ, ਉੱਤਰ ਪ੍ਰਦੇਸ਼, ਗੋਆ ਅਤੇ ਉੱਤਰਾਖੰਡ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸਾਰੀਆਂ ਸੀਟਾਂ ’ਤੇ ਚੋਣ ਲੜ ਰਹੀ ਹੈ। ਆਪ ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਨੇ ਕਿਹਾ, ‘‘ਦਿੱਲੀ ਸਰਕਾਰ ਦੇ ਚੰਗੇ ਕੰਮਾਂ ਦੀ ਵੀਡੀਉ ਟਵਿੱਟਰ, ਇੰਸਟਾਗ੍ਰਾਮ ਅਤੇ ਫ਼ੇਸਬੁੱਕ ’ਤੇ ਸਾਂਝੀ ਕਰੋ ਅਤੇ ਦੱਸੋ ਕਿ ਇਸ ਨਾਲ ਤੁਹਾਨੂੰ ਕਿਵੇਂ ਫ਼ਾਇਦਾ ਹੋਇਆ ਹੈ। ਨਾਲ ਹੀ ਲੋਕਾਂ ਤੋਂ ਅਪੀਲ ਕਰੋ ਕਿ ਜੇਕਰ ਉਹ ਅਪਣੇ ਰਾਜ ’ਚ ਵੀ ਅਜਿਹੇ ਕੰਮ ਚਾਹੁੰਦੇ ਹਨ ਤਾਂ ਕੇਜਰੀਵਾਲ ਨੂੰ ਇਕ ਮੌਕਾ ਦੇਣ।’’ ਉਨ੍ਹਾਂ ਕਿਹਾ, ‘‘ਨਾਲ ਹੀ ਇਨ੍ਹਾਂ ਰਾਜਾਂ ਵਿਚ ਅਪਣੇ ਜਾਣਕਾਰ ਲੋਕਾਂ ਨੂੰ ਵਟਸਐਪ ’ਤੇ ਵੀ ਕੇਜਰੀਵਾਲ ਨੂੰ ਇਕ ਮੌਕ ਦੇਣ ਦੀ ਅਪੀਨ ਕਰਨ। ’’ (ਏਜੰਸੀ)