ਦਿੱਲੀ ’ਚ ਛਾਈ ਸੰਘਣੀ ਧੁੰਦ ਦੀ ਚਾਦਰ, ਹਵਾ ਗੁਣਵੱਤਾ ਖ਼ਰਾਬ ਸ਼੍ਰੇਣੀ ’ਚ
ਦਿੱਲੀ ’ਚ ਛਾਈ ਸੰਘਣੀ ਧੁੰਦ ਦੀ ਚਾਦਰ, ਹਵਾ ਗੁਣਵੱਤਾ ਖ਼ਰਾਬ ਸ਼੍ਰੇਣੀ ’ਚ
ਨਵੀਂ ਦਿੱਲੀ, 24 ਜਨਵਰੀ : ਦਿੱਲੀ ਅਤੇ ਨੇੜੇ-ਤੇੜੇ ਦੇ ਇਲਾਕਿਆਂ ’ਚ ਸੋਮਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ ਅਤੇ ਹਵਾ ਗੁਣਵੱਤਾ ‘ਖ਼ਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ। ਰਾਸ਼ਟਰੀ ਰਾਜਧਾਨੀ ’ਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਹੈ। ਸਫਦਰਜੰਗ ਵੇਧਸ਼ਾਲਾ ’ਚ ਦਿ੍ਰਸ਼ਤਾ ਦਾ ਪੱਧਰ 95 ਫ਼ੀ ਸਦੀ ਦਰਜ ਕੀਤੀ ਗਈ। ਇਸ ਵੇਧਸ਼ਾਲਾ ਦੇ ਅੰਕੜਿਆਂ ਨੂੰ ਸ਼ਹਿਰ ਲਈ ਅਧਿਕਾਰਤ ਮੰਨਿਆ ਜਾਂਦਾ ਹੈ। ਪਾਲਮ ਵੇਧਸ਼ਾਲਾ ’ਚ ਘੱਟੋ-ਘੱਟ ਤਾਪਮਾਨ ਆਮ ਤੋਂ 2 ਡਿਗਰੀ ਸੈਲਸੀਅਸ ਵੱਧ ਤੋਂ ਵੱਧ 9.4 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਲੋਧੀ ਰੋਡ ਵੇਧਸ਼ਾਲਾ ’ਚ ਪਾਰਾ 8 ਡਿਗਰੀ ਸੈਲਸੀਅਸ ਰਿਹਾ, ਜੋ ਔਸਤ ਤੋਂ ਇਕ ਡਿਗਰੀ ਜ਼ਿਆਦਾ ਹੈ। ਮੌਸਮ ਵਿਭਾਗ ਨੇ ਅਪਣੀ ਭਵਿੱਖਬਾਣੀ ’ਚ ਦਿਨ ਵਿਚ ਆਸਮਾਨ ’ਚ ਬੱਦਲ ਛਾਏ ਰਹਿਣ ਅਤੇ ਕੱੁਝ ਥਾਂਵਾਂ ’ਤੇ ਸਰਦ ਸਥਿਤੀ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ। ਵੱਧ ਤੋਂ ਵੱਧ ਤਾਪਮਾਨ ਕਰੀਬ 16 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 14.9 ਅਤੇ ਘੱਟੋ-ਘੱਟ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦਿੱਲੀ ’ਚ ਹਵਾ ਦੀ ਗੁਣਵੱਤਾ ‘ਖ਼ਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ ਹੈ। ਸਵੇਰੇ 8 ਵਜੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 244 ਦਰਜ ਕੀਤਾ ਗਿਆ। ਉੱਥੇ ਹੀ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਫਰੀਦਾਬਾਦ ’ਚ ਏ.ਕਿਊ.ਆਈ. 198 ਅਤੇ ਗੁਰੂਗ੍ਰਾਮ ’ਚ 176 ਦਰਜ ਕੀਤਾ ਗਿਆ ਹੈ, ਜੋ ‘ਮੱਧਮ’ ਸ਼੍ਰੇਣੀ ’ਚ ਆਉਂਦਾ ਹੈ। ਉੱਤਰ ਪ੍ਰਦੇਸ਼ ਦੇ ਗਾਜੀਆਬਾਦ ’ਚ 255, ਗ੍ਰੇਟਰ ਨੋਇਡਾ ’ਚ 233 ਅਤੇ ਨੋਇਡਾ ’ਚ ਏ.ਕਿਊ.ਆਈ. 272 ਦਰਜ ਕੀਤਾ ਗਿਆ ਹੈ, ਜੋ ‘ਖ਼ਰਾਬ’ ਸ਼੍ਰੇਣੀ ’ਚ ਆਉਂਦਾ ਹੈ। (ਏਜੰਸੀ)