ਭਾਜਪਾ ਪੰਜਾਬ ’ਚ 65, ਕੈਪਟਨ ਦੀ ਪਾਰਟੀ 37 ਅਤੇ ਢੀਂਡਸਾ ਦਾ ਦਲ 15 ਸੀਟਾਂ ’ਤੇ ਚੋਣ ਲੜੇਗਾ
ਭਾਜਪਾ ਪੰਜਾਬ ’ਚ 65, ਕੈਪਟਨ ਦੀ ਪਾਰਟੀ 37 ਅਤੇ ਢੀਂਡਸਾ ਦਾ ਦਲ 15 ਸੀਟਾਂ ’ਤੇ ਚੋਣ ਲੜੇਗਾ
ਚੰਡੀਗੜ੍ਹ, 24 ਜਨਵਰੀ (ਭੁੱਲਰ) : ਭਾਜਪਾ, ਕੈਪਟਨ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਅਤੇ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਗਠਜੋੜ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਅਧਿਕਾਰਤ ਐਲਾਨ ਹੋ ਗਿਆ ਹੈ। 65, 37 ਅਤੇ 15 ਸੀਟਾਂ ਦਾ ਫਾਰਮੂਲਾ ਲਾਗੂ ਹੋਇਆ ਹੈ। ਜਿੱਤ ਦੀ ਸਮਰੱਥਾ ਵਾਲੇ ਉਮੀਦਵਾਰਾਂ ਨੂੰ ਵੇਖ ਕੇ ਆਪਸੀ ਸਹਿਮਤੀ ਨਾਲ ਇਸ ਸੀਟ ਵੰਡ ਉਪਰ ਸਹਿਮਤੀ ਬਣੀ ਹੈ।
ਜ਼ਿਕਰਯੋਗ ਹੈ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨਵੀਂ ਦਿੱਲੀ ਚਲੇ ਗਏ ਸਨ ਅਤੇ ਬਾਅਦ ’ਚ ਉਨ੍ਹਾਂ ਨੇ ਭਾਜਪਾ ਲੀਡਰ ਨਾਲ ਮੀਟਿੰਗ ਬਾਅਦ ਚੋਣ ਰਣਨੀਤੀ ਉਪਰ ਵਿਚਾਰ ਵਟਾਂਦਰਾ ਕਰ ਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਕਰ ਕੇ ਸੀਟਾਂ ਦੀ ਵੰਡ ਬਾਰੇ ਐਲਾਨ ਕੀਤਾ ਹੈ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਵੀ ਮੌਜੂਦ ਸਨ। ਕੀਤੇ ਗਏ ਐਲਾਨ ਮੁਤਾਬਕ ਭਾਜਪਾ 65 ਸੀਟਾਂ ’ਤੇ ਚੋਣ ਲੜੇਗੀ ਜਦਕਿ ਕੈਪਟਨ ਦੀ ਪਾਰਟੀ ਨੂੰ 37 ਅਤੇ ਅਕਾਲੀ ਦਲ ਸੰਯੁਕਤ ਨੂੰ 15 ਸੀਟਾਂ ਛੱਡੀਆਂ ਗਈਆਂ ਹਨ। ਭਾਜਪਾ ਹੁਣ ਤਕ 35, ਕੈਪਟਨ 22 ਅਤੇ ਢੀਂਡਸਾ 13 ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਹਨ।