ਸ੍ਰੀ ਦਰਬਾਰ ਸਾਹਿਬ ਵਿਖੇ ਬ੍ਰਿਟਿਸ਼ ਵਫ਼ਦ ਦਾ ਕੀਤਾ ਗਿਆ ਸਨਮਾਨ
ਸਿਮਰਨਜੀਤ ਸਿੰਘ ਮਾਨ ਵੱਲੋਂ ਸ੍ਰੀ ਸਾਹਿਬ ਤੇ ਸਿਰੋਪਾਓ ਕੀਤਾ ਗਿਆ ਭੇਟ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਬਰਮਿੰਘਮ ਦੇ ਸਾਬਕਾ ਲਾਰਡ ਮੇਅਰ ਕਾਰਲ ਰਾਈਸ ਮੋਬ ਦੀ ਅਗਵਾਈ ਹੇਠ ਆਏ ਬ੍ਰਿਟਿਸ਼ ਵਫ਼ਦ ਨੂੰ ਸ੍ਰੀ ਸਾਹਿਬ, ਸਿਰੋਪਾ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ।
ਸਨਮਾਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਸਿੱਖਾਂ ਅਤੇ ਵਿਦੇਸ਼ੀ ਰਾਜਨੀਤਿਕ ਆਗੂਆਂ ਨਾਲ ਮਜ਼ਬੂਤ ਸਬੰਧ ਬਣਾਈ ਰੱਖਣ ਲਈ ਇਹ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਰਲ ਰਾਈਸ ਵਿਸ਼ੇਸ਼ ਤੌਰ ’ਤੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ ਸਨ। ਮਾਨ ਨੇ ਚੌਥੇ ਅਤੇ ਪੰਜਵੇਂ ਪਾਤਸ਼ਾਹ ਦੀ ਵਿਰਾਸਤ ਨੂੰ ਯਾਦ ਕਰਦਿਆਂ ਕਿਹਾ ਕਿ ਰੰਗਰੇਟਿਆਂ ਦਾ ਬੁੰਗਾ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਚਿੰਤਾ ਜਤਾਈ ਕਿ ਇਸ ਦੀ ਅਣਹੋਂਦ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ । ਉਨ੍ਹਾਂ ਨੇ 328 ਗੁੰਮ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਵੀ ਗੰਭੀਰ ਸਵਾਲ ਉਠਾਏ । ਮਾਨ ਨੇ ਕਿਹਾ ਕਿ ਸਪੱਸ਼ਟ ਨਿਰਦੇਸ਼ਾਂ ਦੇ ਬਾਵਜੂਦ ਸਿੱਟ ਵੱਲੋਂ ਕੋਈ ਢੁੱਕਵੀਂ ਪ੍ਰਗਤੀ ਨਹੀਂ ਕੀਤੀ ਗਈ । ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖ ਜੂਡੀਸਲ ਕਮਿਸ਼ਨ ਦੇ ਮੈਂਬਰ ਸਤਨਾਮ ਸਿੰਘ ਕਲੇਰ ਉੱਤੇ ਲਾਪਰਵਾਹੀ ਅਤੇ ਸੰਭਾਵਿਤ ਹੇਰਾਫੇਰੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸੁਣਵਾਈਆਂ ਤੇ ਵਾਰ-ਵਾਰ ਗੈਰਹਾਜ਼ਰੀ ਸਵਾਲ ਖੜ੍ਹੇ ਕਰਦੀ ਹੈ ਅਤੇ ਇਸ ਸਬੰਧੀ ਰਸਮੀ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ। ਜਿਸ ਤੋਂ ਬਾਅਦ ਹਾਈਕੋਰਟ ਨੇ ਆਦੇਸ਼ ਦਿੱਤਾ ਹੈ ਕਿ ਸਤਨਾਮ ਸਿੰਘ ਕਲੇਰ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਹੁਣ ਦਖਲ ਨਹੀਂ ਕਰ ਸਕਦੇ ।
ਮਾਨ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਹਾਲ ਹੀ ਵਿੱਚ ਹੋਈ ਬੇਅਦਬੀ ਦੀ ਘਟਨਾ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਕਿਸੇ ਵੀ ਧਰਮ ਦੇ ਪੂਜਾ ਸਥਾਨ ’ਤੇ ਨਿਰਾਦਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਵੇਂ ਸਿੱਖ ਮਸਜਿਦਾਂ ਅਤੇ ਚਰਚਾਂ ਦਾ ਸਤਿਕਾਰ ਕਰਦੇ ਹਨ, ਓਸੇ ਤਰ੍ਹਾਂ ਸਿੱਖ ਧਰਮ ਦਾ ਸਤਿਕਾਰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਬੇਅਦਬੀ ਦੀਆਂ ਵਾਰ-ਵਾਰ ਵਾਪਰੀਆਂ ਘਟਨਾਵਾਂ ਸਿੱਖ ਪ੍ਰਭੂਸੱਤਾ ਦੀ ਅਣਹੋਂਦ ਨਾਲ ਜੁੜੀਆਂ ਹਨ ਅਤੇ ਇਹ ਰੁਕਣਗੀਆਂ ਨਹੀਂ ਜੇਕਰ ਸਿੱਖ ਇਕਜੁੱਟ ਨਹੀਂ ਹੁੰਦੇ। ਮਾਨ ਨੇ 40 ਸਾਲ ਪਹਿਲਾਂ ਪਾਸ ਹੋਏ ਖਾਲਿਸਤਾਨ ਸਬੰਧੀ ਸਰਬੱਤ ਖਾਲਸਾ ਮਤੇ ਨੂੰ ਯਾਦ ਕਰਦਿਆਂ 26 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਅਤੇ ਇਕੱਠ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ । ਉਨ੍ਹਾਂ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸਾਰੇ ਅਕਾਲੀ ਧੜਿਆਂ ਨੂੰ ਬਿਨਾਂ ਕਿਸੇ ਸ਼ਰਤ ਦੇ ਇਕੱਠੇ ਹੋਣ ਦਾ ਸੱਦਾ ਦਿੱਤਾ ਤਾਂ ਜੋ ਵੰਡ ਅਤੇ ਰਾਜਨੀਤਿਕ ਸ਼ੋਸ਼ਣ ਦਾ ਅੰਤ ਕੀਤਾ ਜਾ ਸਕੇ।
ਅੰਤ ਵਿੱਚ ਮਾਨ ਨੇ ਵਿਸ਼ਵਾਸ ਜਤਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਣ ਵਾਲੇ ਧਾਰਮਿਕ ਪ੍ਰੋਗਰਾਮ ਨੂੰ ਪੂਰਾ ਸਮੱਰਥਨ ਦੇ ਰਹੀ ਹੈ ਅਤੇ ਅਰਦਾਸ ਨੂੰ ਸਹੀ ਢੰਗ ਨਾਲ ਕਰਵਾਇਆ ਜਾਵੇਗਾ।