ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵੰਤ ਸਿੰਘ ਚੀਮਾ ਦੀ ਗੱਡੀ ’ਤੇ ਹੋਈ ਫਾਈਰਿੰਗ
ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ, ਅਕਾਲੀ ਆਗੂ ਸੁਰੱਖਿਅਤ
ਲੁਧਿਆਣਾ : ਲੁਧਿਆਣਾ ਦੇ ਦੋਰਾਹਾ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਸੀਨੀਅਰ ਆਗੂ ਜਸਵੰਤ ਸਿੰਘ ਚੀਮਾ ’ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਉਦੋਂ ਵਾਪਰੀ ਜਦੋਂ ਚੀਮਾ ਲੁਧਿਆਣਾ ਤੋਂ ਆਪਣੀ ਇਨੋਵਾ ਗੱਡੀ ਵਿੱਚ ਦੋਰਾਹਾ ਵਾਪਸ ਆ ਰਹੇ ਸਨ। ਹਮਲਾਵਰਾਂ ਨੇ ਅਕਾਲੀ ਆਗੂ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਦੋਰਾਹਾ ਗੁਰਥਲੀ ਪੁਲ ਦੇ ਨੇੜੇ ਉਨ੍ਹਾਂ ਦੀ ਗੱਡੀ ’ਤੇ ਗੋਲੀਆਂ ਚਲਾ ਦਿੱਤੀਆਂ।
ਹਮਲਾਵਰਾਂ ਵੱਲੋਂ ਚਲਾਈ ਗਈ ਗੋਲੀ ਜਸਵੰਤ ਸਿੰਘ ਚੀਮਾ ਦੀ ਗੱਡੀ ਦੀ ਖਿੜਕੀ ’ਤੇ ਲੱਗੀ। ਗੋਲੀ ਚੱਲਣ ਤੋਂ ਬਾਅਦ ਚੀਮਾ ਨੇ ਗੱਡੀ ਨਹੀਂ ਰੋਕੀ ਅਤੇ ਉਹ ਗੱਡੀ ਨੂੰ ਲੈ ਕੇ ਸਿੱਧੇ ਦੋਰਾਹਾ ਥਾਣੇ ਪਹੁੰਚ ਗਏ। ਉਨ੍ਹਾਂ ਨੇ ਥਾਣਾ ਦੋਰਾਹਾ ਵਿੱਚ ਮਾਮਲੇ ਸਬੰਧੀ ਪੂਰੀ ਜਾਣਕਾਰੀ ਦਿੱਤੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੋਰਾਹਾ ਦੇ ਗੁਰਥਲੀ ਪੁਲ ਦੇ ਨੇੜੇ ਮੋਟਰ ਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਅੰਧੇਰਾ ਹੋਣ ਕਰਕੇ ਚੀਮਾ ਨੂੰ ਸ਼ੱਕੀ ਵਿਅਕਤੀਆਂ ’ਤੇ ਸ਼ੱਕ ਹੋਇਆ, ਜਿਸ ਕਰਕੇ ਉਨ੍ਹਾਂ ਨੇ ਗੱਡੀ ਨਹੀਂ ਰੋਕੀ ਅਤੇ ਅੱਗੇ ਵਧਾ ਦਿੱਤੀ। ਇਸੇ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ’ਤੇ ਗੋਲੀ ਚਲਾ ਦਿੱਤੀ। ਗੋਲੀ ਸਿੱਧੇ ਇਨੋਵਾ ਦੀ ਖਿੜਕੀ ਵਿੱਚ ਜਾ ਲੱਗੀ। ਜਦਿਕ ਜਸਵੰਤ ਸਿੰਘ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਿਆ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅਕਾਲੀ ਦਲ ਵਾਰਿਸ ਪੰਜਾਬ ਦੇ ਬੁਲਾਰੇ ਸੰਦੀਪ ਸਿੰਘ ਰੁਪਾਲੋਂ ਵੀ ਦੋਰਾਹਾ ਥਾਣੇ ਪਹੁੰਚੇ । ਉਨ੍ਹਾਂ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਮੁਲਜ਼ਮਾਂ ਨੂੰ ਦੀ ਜਲਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਕਾਨੂੰਨ ਵਿਵਸਥਾ ’ਤੇ ਸਵਾਲ ਉਠਾਏ। ਦੋਰਾਹਾ ਥਾਣੇ ਦੇ ਐੱਸ.ਐੱਚ.ਓ. ਆਕਾਸ਼ ਦੱਤ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਘਟਨਾ ਵਾਲੀ ਜਗ੍ਹਾ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਦੇ ਯਤਨ ਕੀਤੇ ਜਾ ਰਹੇ ਹਨ। ਐੱਸ.ਐੱਚ.ਓ. ਨੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਵੀ ਦਿੱਤਾ।